ਗੁਰਦਾਸਪੁਰ, 15 ਦਸੰਬਰ (ਪੰਜਾਬ ਪੋਸਟ- ਬੈਂਸ) – ਮੋਹਨ ਸਿੰਘ ਆਹਲੂਵਾਲੀਆ ਕੇਂਦਰੀ ਮੈਂਬਰ ਐਨੀਮਲ ਵੈਲਫੇਅਰ ਬੋਰਡ ਭਾਰਤ ਸਰਕਾਰ ਨੇ ਕਿਹਾ ਕਿ ਦੁੱਧ
ਪਦਾਰਥ ਬਣਾਉਣ ਵਿਚ ਪੰਜਾਬ ਤੇ ਹਰਿਆਣਾ ਦੇਸ਼ ਭਰ ਵਿਚ ਮੋਹਰੀ ਹਨ ਪਰ ਦੁੱਧ ਤੇ ਦੁੱਧ ਪਦਾਰਥਾਂ ਵਿਚ ਮਿਲਾਵਟੀਖੋਰੀ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਪ੍ਰਤੀ ਸਾਨੂੰ ਸਾਰਿਆਂ ਨੂੰ ਸੰਜੀਦਾ ਹੋਣ ਦੀ ਜਰੂਰਤ ਹੈ।ਆਹਲੂਵਾਲੀਆ ਗੁਰਦਾਸਪੁਰ ਜਿਲੇ ਦੇ ਪਿੰਡ ਸੈਦੋਵਾਲ ਕਲਾਂ ਨੇੜੇ ਪੁਰਾਣਾ ਸ਼ਾਲਾ ਵਿਖੇ ਪੁਹੰਚੇ ਸਨ, ਜਿਥੇ ਉਨਾਂ ਨੇ ਪਸ਼ੂ ਪਾਲਣ, ਸਬੰਧਿਤ ਵਿਭਾਗਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਦੁੱਧ ਸਮੂਹਾਂ ਨੂੰ ਉਤਸ਼ਾਹਿਤ ਕਰਨ ਦੀ ਹੋਰ ਵਧੇਰੇ ਜਰੂਰਤ ਹੈ, ਪਰ ਮਿਲਾਵਟਖੋਰੀ ਕਾਰਨ ਦੁੱਧ ਦੇ ਰੁਜ਼ਗਾਰ ਨੂੰ ਭਾਰੀ ਠੇਸ ਪੁਹੰਚੀ ਹੈ।ਉਨਾਂ ਅੱਗੇ ਦੱਸਿਆ ਕਿ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਰਾਜਾਂ ਵਲੋਂ ਤਿਆਰ ਕੀਤਾ ਜਾਂਦਾ ਦੇਸੀ ਘਿਉ ਦੀ ਅਮਰੀਕਾ, ਸਿੰਘਾਪੁਰ ਤੇ ਦੁਬਈ ਵਰਗੇ ਉੱਨਤ ਦੇਸ਼ਾਂ ਵਿਚ ਕਾਫੀ ਮੰਗ ਹੈ, ਜਿਸ ਲਈ ਦੁੱਧ ਪਾਲਕਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਇਨਾਂ ਮੁਲਕਾਂ ਵਿਚ ਦੁੱਧ ਪਦਾਰਥਾਂ ਦੀ ਖਪਤ ਨਾਲ ਜਿਥੇ ਰੁਜਗਾਰ ਨੂੰ ਵੱਡਾ ਹੁਲਾਰਾ ਮਿਲੇਗਾ ਉਸਦੇ ਨਾਲ-ਨਾਲ ਦੁੱਧ ਉਤਪਾਦਕ ਵੀ ਆਰਥਿਕ ਤੌਰ `ਤੇ ਖੁਸ਼ਹਾਲ ਹੋਣਗੇ।
ਆਹਲੂਵਾਲੀਆਂ ਨੇ ਅੱਗੇ ਕਿਹਾ ਕਿ ਦੁਧਾਰੂ ਪਸ਼ੂਆਂ ਦੀ ਗਿਣਤੀ ਸਾਰੇ ਰਾਜਾਂ ਵਿਚ ਘਟੀ ਹੈ ਤੇ ਦੁੱਧ ਦੀ ਮੰਗ ਵਧੀ ਹੈ ਤੇ ਬਜ਼ਾਰ ਵਿਚ ਦੁੱਧ ਦੀ ਕੋਈ ਕਮੀ ਨਹੀਂ ਹੈ।ਜਿਸ ਤੋਂ ਸਾਫ ਹੈ ਕਿ ਦੁੱਧ ਕੀਟਨਾਸ਼ਕ ਜ਼ਹਿਰਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਕਾਫੀ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ, ਜਿਸ ਨਾਲ ਮਿਲਾਵਟਖੋਰੀ ਨੂੰ ਨੱਥ ਪਾਈ ਜਾ ਰਹੀ ਹੈ।ਉਨਾਂ ਅੱਗੇ ਕਿਹਾ ਕਿ ਲੋੜ ਹੈ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਦੀ, ਉਨਾਂ ਨੂੰ ਮਾਣ ਸਨਮਾਨ ਦੇਣ ਦੀ।ਉਨਾਂ ਅੱਗੇ ਦੱਸਿਆ ਕਿ ਫੂਡ ਸੇਫਟੀ ਐਕਟ ਵਿਚ ਵੀ ਸੋਧ ਕਰਕੇ ਇਸ ਨੂੰ ਹੋਰ ਸਖਤ ਬਣਾਇਆ ਜਾਵੇਗਾ ਤਾਂ ਜੋ ਮਿਲਾਵਟਖੋਰਾਂ ਵਿਰੁੱਧ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਇਸ ਮੌਕੇ ਮਹਿੰਦਰਪਾਲ ਤਹਿਸੀਲਦਾਰ, ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾ. ਮਹਾਵੀਰ ਜੋਸ਼ੀ ਵੈਟਰਨਰੀ ਅਫਸਰ ਚੱਕ ਸ਼ਰੀਫ, ਡਾ. ਅਮਰਜੋਤ ਸਿੰਘ ਵੈਟਰਨਰੀ ਅਫਸਰ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਦਰਸ਼ਨ ਲਾਲ ਅਤੇ ਸਮਾਜ ਸੇਵੀ ਹਾਜਰ ਸਨ।
Check Also
ਸਕੂਲ ਆਫ ਐਮੀਨੈਂਸ ਫ਼ਾਰ ਗਰਲਜ਼ ਮਾਲ ਰੋਡ ਵਿਖੇ ਮੁਫ਼ਤ ਵੰਡੇ ਸਕੂਲ ਬੈਗ ਅਤੇ ਵਰਦੀਆਂ
ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਉਪਰਾਲਿਆਂ …
Punjab Post Daily Online Newspaper & Print Media