ਆਲੇ-ਦੁਆਲੇ ਦੇ ਏਰੀਏ ਦੇ ਲੋਕਾਂ ਦੇ ਘਰਾਂ `ਚ ਵੜਿਆ ਪਾਣੀ
ਧੂਰੀ, 22 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਸ਼ਹਿਰ ਅੰਦਰੋਂ ਲੰਘਦਾ ਰਜਵਾਹਾ ਜੋ ਕਿ ਬੀਤੇ ਕੁੱਝ ਦਿਨਾਂ ਤੋਂ ਬੰਦ ਪਿਆ ਸੀ, ਵਿੱਚ ਪਾਣੀ ਛੱਡਣ
ਕਾਰਨ ਅੱਜ ਰੇਲਵੇ ਫਾਟਕਾਂ ਤੋਂ ਮਾਲੇਰਕੋਟਲਾ ਵਾਲੇ ਪਾਸੇ ਜਨਤਾ ਨਗਰ ਨੇੜਲੇ ਏਰੀਏ ਵਿਖੇ ਪਾਣੀ ਦਾ ਓਵਰਫਲੋਅ ਹੋਣ ਕਾਰਨ ਰਜਵਾਹਾ ਟੁੱਟ ਗਿਆ ਅਤੇ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ।ਅੱਜ ਜਦੋਂ ਘਟਨਾ ਸਥਾਨ `ਤੇ ਜਾ ਕੇ ਰਜਵਾਹਾ ਟੁੱਟਣ ਦੇ ਕਾਰਨਾਂ ਦਾ ਪਤਾ ਕੀਤਾ ਤਾਂ ਅੱਖੀਂ ਵੇਖਣ ਵਾਲਿਆਂ ਨੇ ਦੱਸਿਆ ਕਿ ਇਸ ਰਜਵਾਹੇ ਨੂੰ ਸ਼ਹਿਰ ਦੇ ਲੋਕ ਇੱਕ ਵੱਡੇ ਕੂੜੇਦਾਨ ਵੱਜੋਂ ਵਰਤਦੇ ਹਨ ਅਤੇ ਹਰ ਰੋਜ਼ ਆਲੇ-ਦੁਆਲੇ ਰਹਿਣ ਵਾਲੇ ਘਰਾਂ ਵਿੱਚੋਂ ਬਹੁਤੇ ਘਰ ਆਪਣਾ ਕੂੜਾ ਇਸ ਰਜਵਾਹੇ ਵਿੱਚ ਸੁੱਟਦੇ ਹਨ, ਜਿਸ ਕਾਰਨ ਰਜਵਾਹੇ ਵਿੱਚ ਪਾਣੀ ਛੱਡਣ ਕਾਰਨ ਸ਼ਹਿਰ ਵਿੱਚ ਆਰੀਆ ਸਕੂਲ ਕੋਲ ਬਣੀ ਝਾਲ ਕੋਲ ਭਾਰੀ ਮਾਤਰਾ ਵਿੱਚ ਫਸੇ ਲਿਫਾਫੇ ਤੈਰਦੇ ਹੋਏ ਉੱਪਰ ਆ ਗਏ ਅਤੇ ਰਜਵਾਹੇ ਵਿੱਚ ਪਾਣੀ ਦੀ ਸਪਲਾਈ ਰੁਕਣ ਕਾਰਨ ਪਾਣੀ ਓਵਰਫਲੋਅ ਹੋ ਗਿਆ ਅਤੇ ਰਜਵਾਹਾ ਟੁੱਟਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ।ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੱਬਨਪੁਰ ਵਾਲੀ ਨਹਿਰ ਤੋਂ ਪਾਣੀ ਦੀ ਸਪਲਾਈ ਬੰਦ ਕਰਵਾਈ ਅਤੇ ਨਗਰ ਕੌਂਸਲ ਧੂਰੀ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਰਜਵਾਹੇ ਵਿੱਚੋਂ ਗੰਦਗੀ ਸਾਫ ਕਰਵਾ ਕੇ ਰਜਵਾਹੇ ਵਿੱਚ ਪਾਣੀ ਦੀ ਸਪਲਾਈ ਨਿਰਵਿਘਨ ਚਾਲੂ ਕਰਵਾਈ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਧੂਰੀ ਵੱਲੋਂ ਸਫਾਈ ਦੇ ਕੰਮਾਂ ਨੂੰ ਲੈ ਕੇ ਆਏ ਦਿਨ ਵਰਤੀ ਜਾ ਰਹੀ ਅਣਗਹਿਲੀ ਕਾਰਨ ਲੋਕ ਰਜਵਾਹੇ ਵਿੱਚ ਕੂੜਾ ਸੁੱਟਦੇ ਹਨ, ਕਿਉਂਕਿ ਨਗਰ ਕੌਂਸਲ ਵੱਲੋਂ ਮੁਹੱਲਿਆਂ ਵਿੱਚੋਂ ਕੂੜਾ ਇਕੱਠਾ ਕਰਨ ਵਾਲੇ ਟੈਂਪੂ ਕਦੀ-ਕਦਾਈ ਹੀ ਗੇੜਾ ਮਾਰਦੇ ਹਨ।ਇਸ ਦੇ ਨਾਲ ਹੀ ਰਜਵਾਹੇ ਦੀ ਸਾਫ ਸਫਾਈ ਨੂੰ ਲੈ ਕੇ ਨਹਿਰੀ ਵਿਭਾਗ ਵੀ ਅਵੇਸਲਾ ਹੀ ਰਹਿੰਦਾ ਹੈ ਅਤੇ ਜੇਕਰ ਕਦੇ ਸਾਫ-ਸਫਾਈ ਹੁੰਦੀ ਵੀ ਹੈ ਤਾਂ ਵਿਭਾਗ ਖਾਨਾਪੂਰਤੀ ਕਰਕੇ ਪੱਲਾ ਝਾੜ ਲੈਂਦਾ ਹੈ।
ਇਸ ਮਾਮਲੇ ਸਬੰਧੀ ਜਦੋਂ ਐਸ.ਡੀ.ਐਮ ਧੂਰੀ ਦੀਪਕ ਰੁਹੇਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾ ਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ ਅਤੇ ਇਸ ਦੇ ਨਾਲ ਹੀ ਜੇਕਰ ਕੋਈ ਕਰਮਚਾਰੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਨਗੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media