ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀਆਂ ਵੱਖ-ਵੱਖ ਵਿੱਦਿਅਕ
ਸੰਸਥਾਵਾਂ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ।ਖ਼ਾਲਸਾ ਕਾਲਜ ਵਿਖੇ ਪ੍ਰਣ ਦਿਵਸ, ਖਾਲਸਾ ਕਾਲਜ ਫ਼ਾਰ ਵੂਮੈਨ ਦੇ ਐਨ.ਐਸ.ਐਸ ਵਿਭਾਗ ਵੱਲੋਂ ਨੈਸ਼ਨਲ ਵੋਟਰ ਦਿਵਸ ਅਤੇ ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਐਨ.ਐਸ.ਐਸ ਵਿਭਾਗ ਵੱਲੋਂ ਰਾਸ਼ਟਰੀ ਮਤਦਾਤਾ ਦਿਵਸ ਮਨਾਉਂਦਿਆ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਵਿਦਿਆਰਥੀਆਂ ਕੋਲੋਂ ਇਹ ਪ੍ਰਣ ਲਿਆ ਗਿਆ ਕਿ ਦੇਸ਼ ਦੀਆਂ ਲੋਕਤਾਂਤਰਿਕ ਪ੍ਰੰਪਰਾਵਾਂ ਨੂੰ ਬਣਾਈ ਰੱਖਣ ਲਈ ਉਹ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਗੇ।ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਈ ਰੱਖਣ ਲਈ ਉਹ ਬਿਨ੍ਹਾਂ ਕਿਸੇ ਡਰ ਭੈਅ ਦੇ ਅਤੇ ਬਿਨ੍ਹਾਂ ਕਿਸੇ ਲਾਲਚ ਦੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ।ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆ ਵਿਦਿਆਰਥੀਆਂ ਨੂੰ ਕਿਹਾ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਕਿਸੇ ਧਰਮ ਵਰਗ ਜਾਤੀ ਸਮੁਦਾਇ ਜਾਂ ਭਾਸ਼ਾ ਨੂੰ ਆਧਾਰ ਨਹੀਂ ਬਣਾਉਣਾ ਚਾਹੀਦਾ।ਡੀਨ ਅਕਾਦਮਿਕ ਮਾਮਲੇ ਮੈਡਮ ਸੁਖਮੀਨ ਬੇਦੀ, ਐਨ.ਐਸ.ਐਸ. ਇੰਚਾਰਜ਼ ਮੈਡਮ ਜਸਜੀਤ ਕੌਰ ਰੰਧਾਵਾ, ਨੌਡਲ ਅਫ਼ਸਰ ਪ੍ਰੋ. ਸੁਖਜੀਤ ਸਿੰਘ ਅਤੇ ਹੋਰ ਪ੍ਰੋਫੈਸਰ ਸਾਹਿਬਾਨ ਮੌਜ਼ੂਦ ਸਨ।
ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਆਯੋਜਿਤ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਵਿਸਥਾਰ ਨਾਲ ਦੱਸਿਆ ਕਿ ਐਨ.ਵੀ.ਡੀ ਦਾ ਮੁੱਖ ਉਦੇਸ਼ ਖਾਸ ਕਰਕੇ ਨਵੇਂ ਅਤੇ ਨੌਜਵਾਨ ਵੋਟਰਾਂ ਲਈ ਨਾਮਜ਼ਦ ਨੂੰ ਉਤਸ਼ਾਹਿਤ ਕਰਨਾ ਅਤੇ ਸਹਾਇਤਾ ਵਧਾਉਣਾ ਹੈ।ਉਨ੍ਹਾਂ ਕਿਹਾ ਕਿ ਇਹ ਦਿਨ ਦੇਸ਼ ਦੇ ਵੋਟਰਾਂ ਨੂੰ ਸਮਰਪਿਤ ਹੈ ਅਤੇ ਚੋਣ ਪ੍ਰੀਕ੍ਰਿਆ ’ਚ ਵੇਰਵਾ ਦੇਣ ਵਾਲੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਵੋਟਰਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।
ਚਵਿੰਡਾ ਦੇਵੀ ਕਾਲਜ ਵਿਖੇ ਆਪਣੇ ਸੰਬੋਧਨ ਦੌਰਾਨ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਕਿ ਭਾਰਤ ਵਰਤਮਾਨ ਸਮੇਂ ਵਿਸ਼ਵ ਦੀ ਇਕ ਲੋਕਤੰਤਰੀ ਸ਼ਕਤੀ ਹੈ ਅਤੇ ਇਸ ਸ਼ਕਤੀ ਦਾ ਸੋਮਾ ਆਮ ਲੋਕ ਹਨ ਅਤੇ ਭਾਰਤੀ ਸੰਵਿਧਾਨ ਦੁਆਰਾ ਹਰੇਕ ਨਾਗਰਿਕ ਨੂੰ ਇਕ ਨਿਸ਼ਚਿਤ ਉਮਰ ਦੇ ਬਾਅਦ ਪ੍ਰਾਪਤ ਹੋਣ ਵਾਲਾ ਵੋਟ ਦਾ ਅਧਿਕਾਰ ਇਸ ਸ਼ਕਤੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਵਿਦਿਆਰਥੀਆਂ ਨਾਲ ਸੰਖੇਪ ਰੂਪ ’ਚ ਵੋਟਰ ਦਿਵਸ ਦੇ ਇਤਿਹਾਸ ’ਤੇ ਵੀ ਚਾਨਣਾ ਪਾਇਆ।
ਉਕਤ ਵਿੱਦਿਅਕ ਅਦਾਰਿਆਂ ’ਚ ਸਮੂਹ ਵਿਦਿਆਰਥੀਆਂ ਨੇ ਸਹੁੰ ਚੁੱਕ ਸਮਾਗਮ ’ਚ ਹਿੱਸਾ ਲੈ ਕੇ ਇਹ ਅਹਿਦ ਕੀਤਾ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਠੀਕ ਵਰਤੋਂ ਕਰਕੇ ਭਾਰਤੀ ਲੋਕਤੰਤਰ ਦੇ ਭਵਿੱਖ ਨੂੰ ਹੋਰ ਉਜਵਲ ਕਰਨਗੇ।ਇਸ ਮੌਕੇ ਪ੍ਰੋ: ਰਣਪ੍ਰੀਤ ਸਿੰਘ ਨੇ ਵਿਦਿਆਰਥੀਆਂ ਨਾਲ ਭਾਰਤੀ ਸੰਵਿਧਾਨ ਅਤੇ ਵੋਟ ਦਾ ਅਧਿਕਾਰ, ਵੋਟਰ ਦਿਵਸ ਦੀ ਮਹੱਤਤਾ, ਰਾਜਨੀਤਿਕ ਭਾਗੀਦਾਰੀ ਆਦਿ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media