ਸਿੱਖਿਆ ਬੋਰਡ ਚੇਅਰਮੈਨ ਵਲੋਂ ਅੰਮ੍ਰਿਤਸਰ ਖੇਤਰੀ ਦਫ਼ਤਰ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਆਈ.ਏ.ਐਸ (ਰਿਟਾ.) ਨੇ ਅੰਮਿ੍ਰਤਸਰ ਸਥਿਤ ਸਿਖਿਆ ਬੋਰਡ ਦੇ ਖੇਤਰੀ ਦਫ਼ਤਰ ਦਾ ਅਚਨਚੇਤੀ ਦੌਰਾ ਕੀਤਾ।ਉਨ੍ਹਾਂ ਨੇ ਆਗਾਮੀ ਅਕਾਦਮਿਕ ਸਾਲ ਲਈ ਪਾਠ ਪੁਸਤਕਾਂ ਦੀ ਸਥਿਤੀ ਸਬੰਧੀ ਲੋੜੀਂਦੇ ਆਦੇਸ਼ ਦਿੱਤੇ। ਦਫ਼ਤਰ ਦੀ ਫੇਰੀ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਲੋਹੀਆ ਨੇ ਦੱਸਿਆ ਕਿ ਬੋਰਡ ਦੇ ਅੰਮ੍ਰਿਤਸਰ ਦਫ਼ਤਰ ਦੇ ਸਟੋਰ ਵਿੱਚ ਅਗਲੇ ਅਕਾਦਮਿਕ ਸਾਲ ਲਈ ਵਿਕਰੀ ਵਾਲੇ 6 ਨਵੇਂ ਟਾਈਟਲ ਅਤੇ ਸਰਬ ਸਿੱਖਿਆ ਅਭਿਆਨ ਅਧੀਨ ਮੁਫ਼ਤ ਵੰਡਣ ਲਈ 29 ਨਵੇਂ ਟਾਈਟਲ ਪ੍ਰਾਪਤ ਹੋ ਚੁੱਕੇ ਹਨ।ਜਿੰਨਾਂ ਦੀ ਪੂਰੀ ਗਿਣਤੀ 3 ਲੱਖ 25 ਹਜ਼ਾਰ ਦੇ ਲਗਭਗ ਬਣਦੀ ਹੈ।ਕਲੋਹੀਆ ਨੇ ਦਾਅਵਾ ਕੀਤਾ ਕਿ ਸਾਲ 2019-20 ਲਈ ਬੋਰਡ ਨੇ ਮਹਿੰਗਾ ਕਾਗਜ਼ ਵਰਤ ਕੇ ਪਾਠ ਪੁਸਤਕਾਂ ਜ਼ਰੀਏ ਵਿਦਿਆਰਥੀਆਂ ਦੀਆਂ ਸਿਹਤ ਨਾਲ ਖਿਲਵਾੜ ਹੋਣ ਤੋਂ ਰੋਕਣ ਦਾ ਉਪਰਾਲਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਫਰਜ਼ੀ ਪਾਠ ਪੁਸਤਕਾਂ ਦੀ ਵਿਕਰੀ ਰੋਕਣ ਹਿੱਤ ਬੋਰਡ ਨੇ ਵਾਟਰ ਮਾਰਕ ਵਾਲਾ ਸੁਰੱਖਿਅਤ ਨੁਕਤਿਆਂ ਵਾਲਾ ਕਾਗਜ਼ ਵਰਤਿਆ ਹੈ।ਇਸ ਤੋਂ ਪਹਿਲਾਂ ਕਲੋਹੀਆ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਲੂਮਨੀ ਮੀਟ ਵਿੱਚ ਵੀ ਸ਼ਿਰਕਤ ਕੀਤੀ।
Punjab Post Daily Online Newspaper & Print Media