ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਅਤੇ ਉਨਾਂ ਦੀ ਟੀਮ ਵਲੋਂ ਜਿਲੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਹੋਇਆਂ ਦੱਸਿਆ ਕਿ ਇਸ ਵੇਲੇ ਕਣਕ ਦੀ ਫਸਲ ਬਹੁਤ ਵਧੀਆ ਹੈ।ਉਹਨਾਂ ਕਿਹਾ ਕਿ ਮਹੀਨਾ ਫਰਵਰੀ ਦੌਰਾਨ ਹੁਣ ਤੱਕ ਔਸਤਨ 44 ਮਿਲੀਮੀਟਰ ਬਾਰਿਸ਼ ਹੋਈ ਹੈ। ਜਿਸ ਕਾਰਨ ਫਰਵਰੀ ਮਹੀਨੇ ਵਿੱਚ ਬੀਜ਼ੀਆਂ ਜਾਣ ਵਾਲੀਆਂ ਸਬਜੀ ਫਸਲਾਂ ਅਤੇ ਬਹਾਰ ਰੁੱਤ ਦੀ ਮੱਕੀ ਦੀ ਬਿਜ਼ਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਿਸਾਨਾਂ ਵਲੋਂ ਬੀਜ ਲਈ ਰਖੀ ਆਲੂ ਦੀ ਫਸਲ ਦੀ ਪੱਕੀ ਪੁਟਾਈ ਅਤੇ ਕੁਆਲਟੀ ਵੀ ਪ੍ਰਭਾਵਿਤ ਹੋਈ ਹੈ।ਕਣਕ ਦੀ ਫਸਲ ਦੇ ਨੁਕਸਾਨ ਸਬੰਧੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।ਪ੍ਰੰਤੂ ਜੇਕਰ ਹੋਰ ਬਾਰਿਸ਼ ਹੋਈ ਤਾਂ ਕਣਕ ਦੀ ਫਸਲ ਦਾ ਨਾਕਸਾਨ ਹੋ ਸਕਦਾ ਹੈ। ਉਹਨਾਂ ਵਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੀ ਕਣਕ ਦੀ ਫਸਲ ਦਾ ਨਿਰੀਖਣ ਕਰਦੇ ਰਹਿਣ। ਜੇਕਰ ਕਣਕ ਦੀ ਫਸਲ ਦੇ ਪੱਤਿਆਂ ਉਪਰ ਹਲਦੀ ਰੰਗ ਦਾ ਪਾਊਡਰ ਨਜਰ ਆਂਉਦਾ ਹੈ ਤਾਂ ਇਹ ਪੀਲੀ ਕੁੰਗੀ ਦੇ ਲੱਛਣ ਹੋ ਸਕਦੇ ਹਨ।ਇਸ ਲਈ ਉਹ ਤੁਰੰਤ ਸਬੰਧਿਤ ਖੇਤੀਬਾੜੀ ਵਿਕਾਸ ਅਫਸਰ/ਬਲਾਕ ਖੇਤੀਬਾੜੀ ਅਫਸਰ ਨਾਲ ਰਾਬਤਾ ਕਾਇਮ ਕਰਨ ਅਤੇ ਖੇਤੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੀਆਂ ਖੇਤੀ ਜਹਿਰਾਂ ਦਾ ਛਿੜਕਾਅ ਹੀ ਫਸਲ `ਤੇ ਕੀਤਾ ਜਾਵੇ।ਇਸ ਮੌਕੇ ਉਹਨਾਂ ਨਾਲ ਪਰਜੀਤ ਸਿੰਘ ਔਲਖ ਅਤੇ ਸੁਖਚੈਨ ਸਿੰਘ ਗੰਡੀਵਿੰਡ, ਖੇਤੀਬਾੜੀ ਵਿਕਾਸ ਅਫਸਰ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media