ਚਾਰ ਨਵੇਂ ਪੁੱਲਾਂ ਦਾ ਨੀਂਹ ਪੱਥਰ ਛੇਤੀ -ਸ਼ਹਿਰ ਨੂੰ ਮਿਲੇਗਾ ਪੀਣ ਲਈ ਸਾਫ ਨਹਿਰੀ ਪਾਣੀ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਹਿਰ ਦੇ ਵਿਕਾਸ ਲਈ ਕਰੀਬ 2 ਹਜ਼ਾਰ ਕਰੋੜ
ਰੁਪਏ ਦੇ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਇਸ ਵਿਚ 1300 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਸ਼ਹਿਰ ਨੂੰ ਪੀਣ ਲਈ ਸਾਫ-ਸੁਥਰੇ ਨਹਿਰੀ ਪਾਣੀ ਦੀ ਸਹੂਲਤ ਵੀ ਸ਼ਾਮਿਲ ਹੈ।ਸਿੱਧੂ ਵੱਲੋਂ ਸ਼ਹਿਰ ਵਿਚ 34 ਕਰੋੜ ਰੁਪਏ ਦੀ ਲਾਗਤ ਨਾਲ ਐਲ.ਈ.ਡੀ ਲਾਇਟਾਂ, ਸਾਰੇ ਸਰਕਾਰੀ ਦਫਤਰਾਂ ’ਤੇ 10 ਕਰੋੜ ਰੁਪਏ ਦੀ ਲਾਗਤ ਨਾਲ ਸੂਰਜੀ ਊਰਜਾ ਪਲਾਂਟ, 168 ਕਰੋੜ ਦੀ ਲਾਗਤ ਨਾਲ ਜਨਤਕ ਟਰਾਂਸਪੋਰੇਸ਼ਨ ਲਈ ਈ-ਵਾਹਨ ਸਿਸਟਮ ਦੀ ਸ਼ੁਰੂਆਤ ਕੀਤੀ।
ਕਾਰਪਰੋਸ਼ਨ ਦਫਤਰ ਵਿੱਚ ਜਨਤਾ ਦੇ ਚੁਣੇ ਹੋਏ ਨੁਮਾਇਦਿਆਂ ਲਈ ਖੋਲ੍ਹੇ ਗਏ ਨਵੇਂ ਦਫਤਰ ਦਾ ਉਦਘਾਟਨ ਕਰਨ ਉਪਰੰਤ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਗੁਰੂ ਨਗਰੀ ਨੂੰ ਉਚ ਦਰਜੇ ਦਾ ਸ਼ਹਿਰ ਬਨਾਉਣ ਅਤੇ ਇਥੇ ਆਉਣ ਵਾਲੇ ਹਰ ਸੈਲਾਨੀ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ।ਜਨਤਕ ਟਰਾਂਸਪੋਰਟ ਲਈ ਬੀ.ਆਰ.ਟੀ.ਐਸ ਪ੍ਰਜੈਕਟ ਤਹਿਤ 30 ਇਲੈਕਟਰੋਨਿਕ ਬੱਸਾਂ ਅਤੇ 9 ਹਜਾਰ ਇਲੈਕਟ੍ਰਿਕ ਥ੍ਰੀ ਵਹੀਲਰਾਂ ਨਾਲ ਪੂਰੇ ਸ਼ਹਿਰ ਨੂੰ ਜੋੜਿਆ ਜਾਵੇਗਾ ਤਾਂ ਜੋ ਹਵਾ ਦੀ ਗੁਣਤਾ ਵਿਚ ਸੁਧਾਰ ਲਿਆਂਦਾ ਜਾ ਸਕੇ।ਸਿੱਧੂ ਨੇ ਦੱਸਿਆ ਕਿ ਪੂਰੇ ਸ਼ਹਿਰ ਵਿਚ 62 ਹਜ਼ਾਰ ਤੋ ਵੱਧ ਐਲ.ਈ.ਡੀ ਲਾਈਟਾਂ ਲਗਾਈਆਂ ਜਾਣਗੀਆਂ, ਜਿਸ ਨਾਲ ਬਿਜਲੀ ਦੀ ਬੱਚਤ ਵੀ ਹੋਵੇਗੀ।
ਸਿੱਧੂ ਨੇ ਅੰਮਿ੍ਰਤਸਰ ਸ਼ਹਿਰ ਦੀ ਆਵਾਜਾਈ ਵਿਵੱਸਥਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਨੂੰ ਸੁਧਾਰਨ ਲਈ 5 ਮਈ ਨੂੰ ਨਵੇ ਚਾਰ ਪੁਲਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ, ਜਿਨਾਂ੍ਹ ਵਿਚ ਭੰਡਾਰੀ ਪੁੱਲ ਦਾ ਵਿਸਥਾਰ, 22 ਨੰਬਰ ਫਾਟਕ, ਵੱਲਾ ਮੰਡੀ ਅਤੇ ਜਲਦੀ ਹੀ ਜੋੜਾ ਫਾਟਕ ਵਿਖੇ ਬਣਨ ਵਾਲੇ ਪੁੱਲ ਸ਼ਾਮਲ ਹਨ।ਉਨਾਂ੍ਹ ਦੱਸਿਆ ਕਿ ਵਿਸ਼ਵ ਬੈਕ ਦੀ ਸਹਾਇਤਾ ਨਾਲ ਯੂ.ਬੀ.ਡੀ.ਸੀ ਦਾ ਸਾਫ ਪਾਣੀ ਸ਼ਹਿਰਵਾਸੀਆਂ ਨੂੰ ਮੁਹੱਈਆ ਕਰਵਾਉਣ ਲਈ 1300 ਕਰੋੜ ਰੁਪਏ ਦੇ ਪੋ੍ਰਜੈਕਟ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿੱਧੂ ਵਲੋਂ ਨਗਰ ਨਿਗਮ ਦੀ ਮੀਟਿੰਗ ਹਾਲ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 42 ਲਾਭਪਾਤਰੀਆਂ ਨੂੰ 50-50 ਹਜਾਰ ਰੁਪਏ ਦੇ ਚੈਕ ਵੀ ਵੰਡੇ ਗਏ।ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1068 ਲੋਕਾਂ ਦੇ ਕੇਸਾਂ ਨੂੰ ਵੈਰੀਫਾਈ ਕੀਤਾ ਗਿਆ ਹੈ।ਜਿਸ ਅਧੀਨ ਸਰਕਾਰ ਵਲੋ ਇੰਨਾਂ੍ਹ ਨੂੰ 3.42 ਕਰੋੜ ਰੁਪਏ ਦੀ ਰਾਸ਼ੀ ਸਿੱਧੇ ਇੰਨਾਂ੍ਹ ਦੇ ਬੈਕ ਖਾਤਿਆਂ ਵਿਚ ਪਾਈ ਜਾਵੇਗੀ।ਇਸ ਦੇ ਤੀਸਰੇ ਗੇੜ ਦਾ ਸਰਵੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਹੋਰ ਵੀ ਲਾਭਪਾਤਰੀਆਂ ਨੂੰ ਇਹ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇਗੀ।
ਇਸ ਮੌਕੇ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ, ਗੁਰਜੀਤ ਸਿੰਘ ਔਜਲਾ ਮੈਬਰ ਪਾਰਲੀਮੈਟ, ਡਾ: ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ (ਸਾਰੇ ਵਿਧਾਇਕ), ਕਰਮਜੀਤ ਸਿੰਘ ਰਿੰਟੂ ਮੇਅਰ, ਸ਼੍ਰੀ ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਯੂਨਿਸ ਕੁਮਾਰ ਡਿਪਟੀ ਮੇਅਰ, ਸ਼੍ਰੀਮਤੀ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ, ਸ਼੍ਰੀਮਤੀ ਕੋਮਲ ਮਿੱਤਲ ਸੀ.ਈ.ਓ ਸਮਰਾਟ ਸਿਟੀ ਅੰਮ੍ਰਿਤਸਰ, ਨਿਤਿਸ਼ ਸਿੰਗਲਾ ਜੁਇੰਟ ਕਮਿਸ਼ਨਰ ਨਗਰ ਨਿਗਮ ਤੋਂ ਇਲਾਵਾ ਸਾਰੇ ਕੋਂਸਲਰ ਵੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media