ਅਸਲ ਸਾਹਿਤ ਮਨੁੱਖੀ ਮਨ ਅੰਦਰ ਵਾਪਰਦਾ ਹੈ ਨਾ ਕਿ ਬਾਹਰੀ ਜੀਵਨ ਦੇ ਮਸਲਿਆਂ ਨਾਲ- ਪ੍ਰੋ. ਗਿੱਲ
ਅੰਮ੍ਰਿਤਸਰ 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ ਸਾਹਿਤ ਉਸਤਵ 2019 ਦੇ ਉਦਘਾਟਨੀ ਸਮਾਗਮ ਦੌਰਾਨ ਪੰਜਾਬ ਭਵਨ
ਕੈਨੇਡਾ ਦੇ ਸੰਸਥਾਪਕ ਅਤੇ ਉੱਘੇ ਸਮਾਜ ਸੇਵਕ, ਸੁੱਖੀ ਬਾਠ ਨੇ ਕਿਹਾ ਕਿ ‘ਮੌਜੂਦਾ ਸਮੇਂ ਸਾਹਿਤਕ ਰਚਨਾਵਾਂ ਅਤੇ ਸਾਹਿਤਕਾਰਾਂ ਦਾ ਰੁਝਾਨ ਨਿੱਜੀ ਘੇਰਿਆਂ ਵਿਚ ਆਪਸੀ ਵਿਰੋਧਤਾਵਾਂ ਦਾ ਸ਼ਿਕਾਰ ਹੈ।ਸਾਹਿਤਕਾਰਾਂ ਨੂੰ ਵਰਤਮਾਨ ਸੰਕਟ ਨੂੰ ਸਮਝਦਿਆਂ ਅੱਜ ਦੇ ਯੁਗ ਨਾਲ ਸੰਵਾਦ ਰਚਾਉਣ ਲਈ ਯਤਨ ਕਰਨੇ ਚਾਹੀਦੇ ਹਨ।ਉਨ੍ਹਾਂ ਨੇ ਨਾਦ ਪ੍ਰਗਾਸੁ ਸੰਸਥਾ ਨਾਲ ਜੁੜੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਉਸਾਰੂ ਸਾਹਿਤ ਚਿੰਤਨ ਅਤੇ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ’।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਉਨ੍ਹਾਂ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੁਆਰਾ ਸੰਚਾਲਤ ਕੀਤੀ ਜਾ ਰਹੀ ਸੰਸਥਾ ਨਾਦ ਪ੍ਰਗਾਸੁ ਵੱਲੋ ਕਰਵਾਏ ਜਾ ਰਹੇ ਅੰਮ੍ਰਿਤਸਰ ਸਾਹਿਤ ਉਤਸਵ-2019 ਦੇ ਉਦਘਾਟਨੀ ਸ਼ਬਦ ਪੇਸ਼ ਕਰਦਿਆਂ ਕੀਤਾ। ਇਸ ਮੌਕੇ ਪੁਸਤਕ, ਚਿੱਤਰਕਲਾ, ਲੱਕੜ ਕਾਰੀਗਰੀ ਅਤੇ ਫੋਟੋਗ੍ਰਾਫ਼ੀ ਦੀਆਂ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।
ਇਸੇ ਦਿਨ ਦੇ ਆਖਰੀ ਸਮਾਗਮ ‘ਸਨਮੁੱਖ ਸੰਵਾਦ’ ਵਿਚ ਭਾਰਤ ਦੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਹਰਜੀਤ ਸਿੰਘ ਗਿੱਲ ਨਾਲ ਇਕ ਵਿਸ਼ੇਸ਼ ਸੰਵਾਦ ਰਚਾਇਆ ਗਿਆ।ਜਿਸ ਦੌਰਾਨ ਉਨ੍ਹਾਂ ਨੇ ਆਪਣੇ ਜੀਵਨ ਦੇ ਮੁਢਲੇ ਵੇਰਵਿਆਂ ਤੋਂ ਇਲਾਵਾ ਬੌਧਿਕ ਵਿਕਾਸ ਬਾਰੇ ਵੀ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਕਿਸੇ ਵੀ ਸਾਹਿਤ ਦੀ ਮੌਲਿਕਤਾ ਉਸ ਦੇ ਦਾਰਸ਼ਨਿਕ ਸਰੋਕਾਰਾਂ ਤੋਂ ਪਛਾਣੀ ਜਾ ਸਕਦੀ ਹੈ।ਅਸਲ ਸਾਹਿਤ ਮਨੁੱਖੀ ਮਨ ਅੰਦਰ ਵਾਪਰਦਾ ਹੈ ਨਾ ਕਿ ਬਾਹਰੀ ਜੀਵਨ ਦੇ ਮਸਲਿਆਂ ਨਾਲ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਜੇ ਤਕ ਕੋਈ ਵੀ ਦਾਰਸ਼ਨਿਕ ਦਿਸ਼ਾ ਅਖਤਿਆਰ ਨਹੀਂ ਕਰ ਸਕਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦਿੱਲੀ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆਂ ਯੂਨੀਵਸਿਟੀ ਦਿੱਲੀ, ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ, ਖਾਲਸਾ ਕਾਲਜ ਅੰਮ੍ਰਿਤਸਰ, ਡੀ.ਏ.ਵੀ ਕਾਲਜ, ਅੰਮ੍ਰਿਤਸਰ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਆਦਿ ਵਿਦਿਅਕ ਸੰਸਥਾਵਾਂ ਤੋਂ ਖੋਜਾਰਥੀਆਂ, ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਲੱਗੀਆਂ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ ਜਿਸ ਦੌਰਾਨ ਵਿਦਿਆਰਥੀਆਂ ਨੇ ਜਿਥੇ ਸਾਹਿਤ ਅਤੇ ਚਿੰਤਨ ਨਾਲ ਸਬੰਧਤ ਪੁਸਤਕਾਂ ਦਾ ਆਨੰਦ ਮਾਣਿਆਂ ਉਥੇ ਚਿਤਰਕਲਾ, ਫੋਟੋਗ੍ਰਾਫੀ, ਕੈਲੀਗ੍ਰਾਫੀ ਅਤੇ ਲੱਕੜ ਕਾਰੀਗਿਰੀ ਵਿਚ ਵਿਸ਼ੇਸ਼ ਰੁਚੀ ਲਈ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media