ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ‘ਗਰਮੀ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਮੱਛਰ ਪੈਦਾ ਹੋਣ ਦੀ ਹਾਲਤ ਵਿੱਚ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਜਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਸਿਹਤ ਵਿਭਾਗ ਦੇ ਨਾਲ-ਨਾਲ ਸਾਰੇ ਵਿਭਾਗ ਇਕ ਟੀਮ ਵਜੋਂ ਕੰਮ ਕਰਨ।’ ਉਕਤ ਪ੍ਰਗਟਾਵਾ ਜਿਲ੍ਹਾ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਕਰਦੇ ਡਿਪਟੀ ਕਮਿਸ਼ਨਰ ੍ਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਇਸ ਮਾਮਲੇ ਵਿਚ ਰਤੀ ਭਰ ਕੁਤਾਹੀ ਨਾ ਕੀਤੀ ਜਾਵੇ ਅਤੇ ਮੱਛਰ ਦਾ ਲਾਰਵਾ ਮਿਲਣ ਦੀ ਸੂਰਤ ਵਿਚ ਇਮਾਰਤ ਦੇ ਮਾਲਕ ਦਾ ਚਲਾਨ ਕੱਟਿਆ ਜਾਵੇ, ਚਾਹੇ ਉਹ ਇਮਾਰਤ ਸਰਕਾਰੀ ਹੋਵੇ ਜਾਂ ਨਿੱਜੀ। ਉਨਾਂ ਚਲਾਨ ਕੱਟਣ ਵਾਲੀਆਂ ਟੀਮਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਕਿਸੇ ਨੂੰ ਖੁਸ਼ ਕਰਦੇ ਇਵਜ਼ ਵਿਚ ਲੋਕਾਂ ਦੀ ਜਾਨ ਖ਼ਤਰੇ ਵਿਚ ਨਾ ਪਾਈ ਜਾਵੇ। ਉਨਾਂ ਹਦਾਇਤ ਕੀਤੀ ਕਿ ਇਸ ਸਬੰਧੀ ਹਰ ਹਫਤੇ ਐਕਸ਼ਨ ਰਿਪੋਰਟ ਡਿਪਟੀ ਕਮਿਸ਼ਨਰ ਦਫਤਰ ਭੇਜੀ ਜਾਵੇ।
ਢਿਲੋਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਨਾਲ-ਨਾਲ ਮਿੳੂਂਸੀਪਲ ਕੌਂਸਲ, ਨਗਰ ਕੌਂਸਲਾਂ, ਆਈ.ਐਮ.ਏ, ਜਿਲ੍ਹਾ ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਮੱਛੀ ਪਾਲਣ ਵਿਭਾਗ, ਪਸ਼ੂ ਪਾਲਣ ਵਿਭਾਗ, ਪੰਜਾਬ ਰੋਡਵੇਜ਼, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਆਦਿ ਮਿਲ ਕੇ ਕੰਮ ਕਰਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹਰੇਕ ਸਰਕਾਰੀ ਦਫਤਰ ਬਰਸਾਤ ਦੇ ਦਿਨਾਂ ਵਿਚ ਆਪਣੀ ਇਮਾਰਤ ਦੀ ਛੱਤ ਅਤੇ ਹੋਰ ਥਾਂ ਵੇਖੇ, ਤਾਂ ਜੋ ਫਾਲਤੂ ਪਾਣੀ ਨਾ ਖੜਾ ਰਹੇ। ਉਨਾਂ ਕਿਹਾ ਕਿ ਹਰੇਕ ਸ਼ੁਕਰਵਾਰ ਨੂੰ ਸਾਰੇ ਦਫਤਰ, ਦੁਕਾਨਾਂ, ਅਦਾਰੇ ਅਤੇ ਘਰਾਂ ਦੀ ਮਾਲਕ ਖ਼ੁਦ ਜਾਂਚ ਕਰਨ ਅਤੇ ਖਲੋਤੇ ਪਾਣੀ ਨੂੰ ਕੱਢਣਾ ਯਕੀਨੀ ਬਨਾਉਣ, ਤਾਂ ਜੋ ਮੱਛਰ ਪੈਦਾ ਹੀ ਨਾ ਹੋਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਘਰਾਂ ਵਿਚ, ਕੁਲਰ ਛੱਤਾਂ ’ਤੇ ਪਏ ਟੁੱਟੇ ਹੋਏ ਬਰਤਨਾਂ, ਗਮਲੇ, ਟਾਇਰ ਟਿਊਬ ਅਤੇ ਜਿੱਥੇ ਵੀ ਪਾਣੀ ਖੜਾ ਹੋ ਸਕਦਾ ਹੈ, ਨੂੰ ਹੁਣ ਤੋਂ ਹੀ ਸਾਫ ਕਰਨਾ ਸ਼ੁਰੂ ਕਰ ਦੇਣ ਤਾਂ ਕਿ ਡੇਂਗੂ ਦੇ ਅੰਡੇ ਅਤੇ ਮੱਛਰ ਆਦਿ ਨਾ ਜਨਮ ਲੈਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਅਸੀਂ ਹਰ ਹਫਤੇ ਵਿੱਚ ਇਕ ਵਾਰ ‘ਡਰਾਈ ਡੇਅ’ ਮਨਾਈਏ ਅਤੇ ਆਪਣੇ ਆਲੇ-ਦੁਆਲੇ ਇਕੱਠੇ ਹੋਏ ਪਾਣੀ ਨੂੰ ਸਾਫ ਕਰੀਏ ਤਾਂ ਮੱਛਰ ਪੈਦਾ ਨਹੀ ਹੋ ਸਕਦਾ।
ਡਾ: ਮਦਨ ਮੋਹਨ ਜਿਲ੍ਹਾ ਮਲੇਰੀਆ ਅਫਸਰ ਨੇ ਦੱਸਿਆ ਕਿ ਡੇਂਗੂ ਬੁਖਾਰ ਨਾਲ ਬੰਦੇ ਦਾ ਸਰੀਰ ਦੁੱਖਦਾ ਹੈ, ਤੇਜ਼ ਬੁਖਾਰ ਹੁੰਦਾ ਹੈ, ਅੱਖਾਂ ਦੇ ਪਿਛਲੇ ਪਾਸੇ ਦਰਦਾਂ ਹੁੰਦੀਆਂ ਹਨ।ਕਿਸੇ ਕਿਸੇ ਮਰੀਜ਼ ਦੇ ਸਰੀਰ `ਤੇ ਲਾਲ ਨਿਸ਼ਾਨ ਅਤੇ ਖੂਨ ਵਹਿੰਦਾ ਹੈ, ਪਲੇਟਲਟ ਸੈਲ ਘੱਟ ਹੋ ਸਕਦੇ ਹਨ।ਉਨ੍ਹਾਂ ਕਿਹਾ ਕਿ ਡੇਂਗੂ ਦੇ ਬੁਖਾਰ ਵਿੱਚ ਦਵਾਈਆਂ ਦੀ ਬਹੁਤ ਲੋੜ ਨਹੀ ਹੁੰਦੀ ਆਮ ਦਵਾਈ ਹੀ ਕਾਫੀ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਤੇ ਮੈਡੀਕਲ ਕਾਲਜ ਵਿਖੇ ਮੁੱਫਤ ਟੈਸਟ ਅਤੇ ਇਲਾਜ ਦੀ ਸਵਿਧਾ ਉਪਲੱਬਧ ਹੈ। ਉਨ੍ਹਾਂ ਨਾਲ ਹੀ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਹਸਪਤਾਲ ਵਿੱਚ ਵੀ ਕੋਈ ਡੇਂਗੂ ਜਾਂ ਮਲੇਰੀਆ ਦਾ ਮਰੀਜ਼ ਇਲਾਜ ਲਈ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਮੱਛੀ ਪਸਾਰ ਅਧਿਕਾਰੀ ਦਲਜੀਤ ਸਿੰਘ ਗਿੱਲ, ਡਾ. ਹਰਦੀਪ ਸਿੰਘ ਨਿਰਵਾਣ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media