Sunday, April 19, 2026

ਯੂਨੀਵਰਸਿਟੀ ਦੇ ਠੇਕਾ ਮੁਲਾਜ਼ਮਾਂ ਵਲੋਂ ਨਵੀਂ ਠੇਕਾ ਪ੍ਰਣਾਲੀ ਦਾ ਪਿੱਟ ਸਿਆਪਾ

1 ਮਈ ਤੋਂ ਕੰਮ ਕਾਜ਼ ਠੱਪ ਕਰਕੇ ਸ਼ਾਂਤਮਈ ਰੋਸ ਰੈਲੀਆਂ ਤੇ ਪ੍ਰਦਰਸ਼ਨ ਦਾ ਐਲਾਨ
ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਵਿੱਚ ਕੰਮ ਕਰਨ ਵਾਲੇ PUNJ2604201910ਲਗਭਗ 500 ਠੇਕਾ ਮੁਲਾਜ਼ਮਾ ਵੱਲੋਂ ਨਵੀਂ ਠੇਕਾ ਪ੍ਰਣਾਲੀ ਨੂੰ ਅੰਗੂਠਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਜਿਸ ਦਾ ਕਾਰਨ ਨਵੀਂ ਪ੍ਰਣਾਲੀ ਦੀਆਂ ਸ਼ਰਤਾਂ ਤੇ ਕਾਇਦਾ ਕਾਨੂੰਨ ਹਨ।
                      ਦੱਸਣਯੋਗ ਹੈ ਕਿ ਜੀ.ਐਨ.ਡੀ.ਯੂ ਪ੍ਰਸ਼ਾਸ਼ਨ ਤੇ ਨਵੀਂ ਠੇਕੇਦਾਰ ਪ੍ਰਣਾਲੀ ਦੀ ਕਾਰਜਸ਼ੈਲੀ ਨੂੰ ਲੈ ਕੇ ਅੱਜ ਜੀ.ਐਨ.ਡੀ.ਯੂ ਦੇ ਪ੍ਰਬੰਧਕੀ ਬਲਾਕ ਦੇ ਸਾਹਮਣੇ ਸੈਂਕੜੇ ਸੁਰੱਖਿਆ ਮੁਲਾਜ਼ਮਾਂ, ਅਟੈਂਡਟਾਂ, ਸੇਵਾਦਾਰਾਂ ਤੇ ਸਫਾਈ ਸੇਵਕਾਂ ਨੇ ਨਵੀਂ ਠੇਕਾ ਪ੍ਰਣਾਲੀ ਦੇ ਖਿਲਾਫ ਜੋਰਦਾਰ ਰੋਸ਼ ਪ੍ਰਦਰਸ਼ਨ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ।ਮੁਲਾਜ਼ਮਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਆਊਟ ਸੋਰਸਿੰਗ ਠੇਕਾ ਪ੍ਰਣਾਲੀ ਰਾਹੀਂ ਮੁਲਾਜ਼ਮਾਂ ਨਾਲ ਧੱਕਾ ਤੇ ਆਰਥਿਕ ਸ਼ੋਸ਼ਣ ਹੋ ਰਿਹਾ ਹੈ।ਜਿਸ ਦੀ ਮਿਸਾਲ ਉਨ੍ਹਾਂ ਦੀ ਤਨਖਾਹ ਘਟਾਏ ਜਾਣ ਤੋਂ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਪੀੜ੍ਹਤ ਠੇਕਾ ਕਰਮਚਾਰੀਆਂ ਨੇ ਆਪੋ-ਆਪਣੇ ਵਿਭਾਗ ਮੁੱਖੀਆਂ ਤੇ ਰਜਿਸਟਰਾਰ ਪ੍ਰੋਫੈਸਰ ਡਾ. ਕੇ.ਐਸ ਕਾਹਲੋਂ ਨਾਲ ਗੱਲਬਾਤ ਕੀਤੀ ਹੈ।ਪਰ ਉਨ੍ਹਾਂ ਨੇ ਇਹ ਸ਼ਪੱਸ਼ਟ ਕੀਤਾ ਹੈ ਕਿ ਠੇਕਾ ਮੁਲਾਜ਼ਮਾਂ ਨੂੰ ਤਨਖਾਹ ਠੇਕੇਦਾਰ ਨੇ ਦੇਣੀ ਹੈ।ਜਿਸ ਦੇ ਲਈ ਉਨ੍ਹਾਂ ਦਾ ਇਸ ਮਾਮਲੇ ਵਿੱਚ ਕੋਈ ਲੈਣਾ-ਦੇਣਾ ਨਹੀਂ।ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸੇਵਾ ਕਰਦਿਆਂ ਇੱਕ-ਇੱਕ ਦਹਾਕੇ ਤੋਂ ਵੀ ਵੱੱਧ ਦਾ ਸਮਾਂ ਹੋ ਗਿਆ ਹੈ ਤੇ ਉਹ ਤੰਗੀਆਂ-ਤੁਰਸ਼ੀਆਂ ਦੇ ਕਾਰਨ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਇਸ ਆਸ ਵਿੱਚ ਗੁਜ਼ਰ-ਬਸ਼ਰ ਕਰ ਰਹੇ ਹਨ ਕਿ ਸ਼ਾਇਦ ਉਹ ਯੂਨੀਵਰਸਿਟੀ ਦੇ ਪੱਕੇ ਮੁਲਾਜ਼ਮ ਹੋ ਜਾਣ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਠੇਕੇ ਤੇ ਲੱਗੇ ਮੁਲਾਜ਼ਮਾਂ ਨੂੰ ਡੀ.ਸੀ ਰੇਟ ਮੁਤਾਬਿਕ ਤਨਖਾਹ ਦਿੱਤੀ ਜਾਵੇ ਨਹੀਂ ਤਾਂ ਉਹ 1 ਮਈ ਤੋਂ ਆਪੋ-ਆਪਣੇ ਵਿਭਾਗਾਂ ਦਾ ਕੰਮ ਕਾਜ ਠੱਪ ਕਰਕੇ ਸ਼ਾਂਤਮਈ ਢੰਗ ਨਾਲ ਰੋਸ ਰੈਲੀਆਂ, ਮੁਜਾਹਰੇ, ਧਰਨੇ ਤੇ ਪ੍ਰਦਰਸ਼ਨ ਕਰਨਗੇ ਤੇ ਆਪਣੀਆਂ ਹੱਕੀ ਮੰਗਾਂ ਲਈ ਤਿੱਖਾ ਘੋਲ ਤੇ ਸ਼ੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹੱਟਣਗੇ।
                    ਜਿਕਰਯੋਗ ਹੈ ਕਿ ਅਗਰ 1 ਮਈ ਤੋਂ ਠੇਕਾ ਮੁਲਾਜ਼ਮਾ ਨੇ ਆਪੋ-ਆਪਣੇ ਕੰਮਾਂ ਕਾਰਾਂ ਤੋਂ ਪਾਸਾ ਵੱਟ ਲਿਆ ਤਾਂ ਯੂਨੀਵਰਸਿਟੀ ਦੀ ਹਰੇਕ ਤਰੀਕੇ ਦੀ ਕਾਰਜ਼ਸ਼ੈਲੀ ਠੱਪ ਹੋ ਕੇ ਰਹਿ ਜਾਵੇਗੀ।ਜਿਸ ਦਾ ਸਿੱਧਾ ਅਸਰ ਜੀ.ਐਨ.ਡੀ.ਯੂ ਨਾਲ ਸਬੰਧਤ ਰੈਗੂਲਰ ਤੇ ਪ੍ਰਾਈਵੇਟ ਵਿਦਿਆਰਥੀਆਂ ਦੇ ਭਵਿੱਖ `ਤੇ ਪਵੇਗਾ। ਕਿਉਂਕਿ ਮਈ ਦੇ ਮਹੀਨੇ ਵਿੱਚ ਦੂਜੇ, ਚੌਥੇ ਅਤੇ ਛੇਵੇਂ ਸਮੈਸਟਰ ਤੋਂ ਇਲਾਵਾ ਹੋਰਨਾਂ ਉੱਚ ਜ਼ਮਾਤਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ।ਜਿਸ ਵਿੱਚ ਉਪਰੋਕਤ ਮੁਲਾਜ਼ਮਾਂ ਦੀ ਅਹਿਮ ਭੂਮਿਕਾ ਹੁੰਦੀ ਹੈ।ਜਦੋਂ ਕਿ ਸੁਰੱਖਿਆ ਵਿਵਸਥਾ ਡਗਮਗਾਉਣ ਦੇ ਨਾਲ-ਨਾਲ ਨਾਕਸ ਪ੍ਰਬੰਧਾਂ ਦੀ ਸ਼ਿਕਾਰ ਹੋ ਕੇ ਰਹਿ ਜਾਵੇਗੀ।
ਇਸ ਸਬੰਧੀ ਜੀਐਨਡੀਯੂ ਦੇ ਮੁੱਖ ਸੁਰੱਖਿਆ ਅਧਿਕਾਰੀ ਸੁਖਦੇਵ ਸਿੰਘ ਧੰਜ਼ਲ ਤੇ ਡਾਇਰੈਕਟਰ ਪੀ.ਆਰ.ਓ ਪ੍ਰਵੀਨ ਪੁਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਜੀ.ਐਨ.ਡੀ.ਯੂ ਪ੍ਰਬੰਧਨ ਨਾਲ ਜੁੜਿਆ ਹੈ। ਜਦੋਂ ਕਿ ਨਵੇਂ ਠੇਕੇਦਾਰ ਨੂੰ ਇਸ ਮਾਮਲੇ ਤੋਂ ਜਾਣੂ ਕਰਵਾ ਕੇ ਮਿਤੀ 29 ਅਪ੍ਰੈਲ ਸੋਮਵਾਰ ਨੂੰ ਬੁਲਾਇਆ ਗਿਆ ਹੈ।
                  ਇਸ ਮੌਕੇ ਰਣਜੀਤ ਸਿੰਘ, ਅੰਗਰੇਜ਼ ਸਿੰਘ, ਦਿਲਬਾਗ ਸਿੰਘ, ਰਾਜ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ, ਸੁਦਰਸ਼ਨ ਕੁਮਾਰ, ਰਾਕੇਸ਼ ਥਾਪਾ, ਮੇਜਰ ਸਿੰਘ, ਪ੍ਰਭਦੀਪ ਸਿੰਘ, ਹਰਦੇਵ ਸਿੰਘ, ਰਵੀ ਕੁਮਾਰ, ਵਿਨੋਦ ਕੁਮਾਰ, ਅਰੁਣ ਕੁਮਾਰ, ਮਦਨ ਲਾਲ, ਮਨਜੀਤ ਸਿੰਘ, ਗੁਰਜੀਤ ਸਿੰਘ, ਯੋਦਾ ਸਿੰਘ, ਸੁਖਰਾਜ ਸਿੰਘ, ਸ਼ੰਭੂਨਾਥ ਆਦਿ ਹਾਜ਼ਰ ਸਨ।  

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply