Thursday, March 19, 2026

ਨੇਤਾ ਜੀ ਥੋਡੇ ਘਰੇ………

ਨੇਤਾ ਜੀ ਥੋਡੇ ਘਰੇ ਆਉਣਗੇ
ਪੈਰੀਂ ਵੀ ਹੁਣ ਹੱਥ ਲਾਉਣਗੇ
ਹੋ ਸਕਦਾ ਏ ਖਾਣਾ ਖਾਵਣ
ਪੰਜ-ਸੱਤ ਮਿੰਟ ਤੋਂ ਘੰਟਾ ਲਾਵਣ
ਫੇਰ ਲਾਉਣਗੇ ਥੋਡੇ ਅੱਗੇ ਰਟੇ ਹੋਏ ਅਲਾਪ ਨੂੰ
ਆਗੀਆਂ ਨੇ ਚੋਣਾਂ, ਸੰਭਾਲੋ ਆਪਣੇ-ਆਪ ਨੂੰ

ਕੋਹ-ਕੋਹ ਲੰਮੇ ਵਾਅਦੇ ਕਰਨੇ
ਦੁੱਖ ਥੋਡੇ ਵਿਚ ਹਾਉਕੇ ਭਰਨੇ
ਨੌਕਰੀ, ਸ਼ਗਨ-ਸਕੀਮਾਂ, ਪੈਨਸ਼ਨ
ਚੱਕਣਗੇ ਸਾਰੀ ਹੀ ਟੈਨਸ਼ਨ
ਘਰ-ਬਾਰ ਵੀ ਨਵਾਂ ਦੇਣਗੇ, ਪਾ ਕੇ ਗੱਡੀ ਟਾਪ ਨੂੰ
ਆਗੀਆਂ ਨੇ ਚੋਣਾਂ, ਸੰਭਾਲੋ ਆਪਣੇ ਆਪ-ਆਪ ਨੂੰ

ਮਿੱਠਾ-ਮਿੱਠਾ ਬੋਲ-ਬੁਲਈਆ
ਨੀਵੇਂ ਪਣ ਦਾ ਦਿਸੂ ਰਵੱਈਆ
ਹੱਥ ਜੋੜ ਕੇ ਵੋਟਾਂ ਮੰਗੂ
ਜਾਤ-ਪਾਤ ਦੇ ਰੰਗ ਵਿਚ ਰੰਗੂ
ਧਰਮ ਦਾ ਲੇਬਲ ਮੂੰਹ `ਤੇ ਦਿਸੂ, ਰੱਖ ਬੁੱਕਲ `ਚ ਪਾਪ ਨੂੰ
ਆਗੀਆਂ ਨੇ ਚੋਣਾਂ, ਸੰਭਾਲੋ ਆਪਣੇ-ਆਪ ਨੂੰ

ਭੁੱਕੀ, ਫੀਮ ਇਹ ਨਸ਼ੇ ਦਾਰੂ
ਪੈਂਦੇ ਨੇ ਸਾਡੇ `ਤੇ ਭਾਰੂ
ਬੋਤਲ ਪਿੱਛੇ ਵਿਕ ਨਾ ਜਾਇਓ
ਕਿਸੇ ਵੀ ਲਾਲਚ ਵਿਚ ਨਾ ਆਇਓ
ਖਬਰ ਬਹਾਨੇ ਭੱਜ-ਭੱਜ ਆਉਣੇ, ਸੁਣ ਚੜੇ ਤਾਪ ਨੂੰ
ਆਗੀਆਂ ਨੇ ਚੋਣਾਂ, ਸੰਭਾਲੋ ਆਪਣੇ-ਆਪ ਨੂੰ

ਗੁਰੀ ਤੁਰਮਰੀ ਵਾਲਾ ਕਹਿੰਦਾ
ਪਿਛੋਂ ਨਾ ਕੁੱਝ ਹੱਥ ਵਿੱਚ ਰਹਿੰਦਾ
ਸੋਚ-ਸਮਝ ਕੇ ਵੋਟ ਨੂੰ ਪਾਇਓ
ਐਤਕੀਂ ਆਪਣਾ ਅੰਦਰ ਜਗਾਇਓ
ਇਸ ਵਾਰੀ ਤਾਂ ਦੇਖਿਉ ਲਾ ਕੇ, ਅਕਲਾਂ ਦੇ ਮਾਪ ਨੂੰ
ਆਗੀਆਂ ਨੇ ਚੋਣਾਂ, ਸੰਭਾਲੋ ਆਪਣੇ-ਆਪ ਨੂੰ
ਆਗੀਆਂ ਨੇ ਵੋਟਾਂ, ਜਗਾ ਲੋ ਆਪਣੇ-ਆਪ ਨੂੰ

ਗੁਰੀ ਤੁਰਮਰੀ
ਮੋ – 88724 65566
 

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply