ਸਾਰੇ ਵਸੀਲਿਆਂ ਤੋਂ ਅੱਠ ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਪਰਿਵਾਰ ਦੀ ਸਾਲਾਨਾ ਆਮਦਨ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰ ਵੱਲੋਂ ਆਮ ਵਰਗ ਦੇ ਆਰਥਿਕ ਤੌਰ ’ਤੇ ਕਮਜ਼ੋਰ (ਈ. ਡਬਲਿਊ.ਐਸ) ਵਿਅਕਤੀਆਂ ਲਈ 10
ਫੀਸਦੀ ਰਾਖਵੇਂਕਰਨ ਦੇ ਫੈਸਲੇ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਜ਼ਰੂਰੀ ਹੈ। ਇਹ ਜਾਣਕਾਰੀ ਦਿੰਦੇ ਹੋਏ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਸਰਕਾਰ ਅਧੀਨ ਆਉਦੀਆਂ ਅਸਾਮੀਆਂ ਵਿਚ ਨਿਯੁਕਤੀ/ਵਿੱਦਿਅਕ ਅਦਾਰਿਆਂ ਵਿਚ ਦਾਖ਼ਲੇ ਲਈ ਆਮਦਨ ਸਰਟੀਫਿਕੇਟ ਜਾਰੀ ਕਰਾਉਣ ਲਈ ਸਵੈ-ਘੋਸ਼ਣਾ ਪੱਤਰ, ਰਿਹਾਇਸ਼ ਦਾ ਸਬੂਤ, ਸ਼ਨਾਖ਼ਤ ਦਾ ਸਬੂਤ (ਸਾਰੇ ਜ਼ਰੂਰੀ), ਰਿਹਾਇਸ਼ੀ ਫਲੈਟ ਸਬੰਧੀ ਰਜਿਸਟਰੀ/ਅਲਾਟਮੈਂਟ ਦੀ ਕਾਪੀ, ਪਲਾਟ ਸਬੰਧੀ ਰਜਿਸਟਰੀ/ਅਲਾਟਮੈਂਟ ਦੀ ਕਾਪੀ, ਖੇਤੀਬਾੜੀ ਦੀ ਜ਼ਮੀਨ ਸਬੰਧੀ ਫਰਦ, ਰਜਿਸਟਰੀ ਦੀ ਕਾਪੀ ਆਦਿ ਦਸਤਾਵੇਜ਼ ਲੋੜੀਂਦੇ ਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਖਵੇਂਕਰਨ ਲਈ ਅਪਲਾਈ ਕਰਨ ਮੌਕੇ ਪਰਿਵਾਰ ਦੇ ਰੂਪ ਵਿੱਚ ਜਿਹੜੇ ਜੀਆਂ ਨੂੰ ਮਾਨਤਾ ਮਿਲੀ ਹੈ, ਉਸ ਵਿਚ ਬਿਨੈਕਾਰ, ਉਸ ਦੇ ਮਾਤਾ-ਪਿਤਾ ਤੇ 18 ਸਾਲ ਦੀ ਉਮਰ ਤੋਂ ਘੱਟ ਭੈਣ/ਭਰਾ, ਉਸ ਦੇ ਪਤੀ/ਪਤਨੀ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਸਾਰੇ ਵਸੀਲਿਆਂ ਤੋਂ ਬਿਨੈਕਾਰ ਤੇ ਉਸ ਦੇ ਪਰਿਵਾਰ ਦੀ ਪਿਛਲੇ ਇੱਕ ਵਿੱਤੀ ਸਾਲ ਦੀ ਸਾਲਾਨਾ ਆਮਦਨ ਜਿਵੇਂ ਤਨਖਾਹ, ਖੇਤੀਬਾੜੀ, ਕਾਰੋਬਾਰ, ਕਿੱਤਾ ਤੇ ਵਿਆਜ ਆਦਿ ਸ਼ਾਮਲ ਕੀਤਾ ਗਿਆ ਹੈ।ਸਾਰੇ ਭਾਰਤ ਵਿੱਚ ਬਿਨੈਕਾਰ ਤੇ ਉਸ ਦੇ ਪਰਿਵਾਰ ਦੀ ਜ਼ਮੀਨ/ਜਾਇਦਾਦ ਦੁਆਰਾ ਵੱਖ-ਵੱਖ ਥਾਵਾਂ ਵਿੱਚ ਜ਼ਮੀਨ/ਜਾਇਦਾਦ/ਫਲੈਟ ਨੂੰ ਜੋੜ ਦਿੱਤਾ ਗਿਆ ਹੈ।ਇਨਾਂ ਮੱਦਾਂ ਨੂੰ ਜੋੜ ਕੇ ਪਰਿਵਾਰ ਦੀ ਆਮਦਨ 8 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।ਉਪਰੋਕਤ ਜਾਣਕਾਰੀ ਸਵੈ-ਘੋਸ਼ਣਾ ਪੱਤਰ ਵਿੱਚ ਦਰਜ ਕਰਨੀ ਹੁੰਦੀ ਹੈ।ਉਨਾਂ ਦੱਸਿਆ ਕਿ ਰਾਖਵੇਂਕਰਨ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਤਹਿਸੀਲਦਾਰ ਜਾਂ ਉਸ ਤੋਂ ਉਚ ਅਹੁੱਦੇ ਦਾ ਅਧਿਕਾਰੀ ਜਾਰੀ ਕਰਨ ਲਈ ਅਧਿਕਾਰਤ ਹੈ।ਉਨ੍ਹਾਂ ਦੱਸਿਆ ਕਿ ਇਹ ਸਰਟੀਫਿਕੇਟ ਲੈਣ ਲਈ ਸੇਵਾ ਕੇਂਦਰਾਂ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ।
ਢਿਲੋਂ ਨੇ ਦੱਸਿਆ ਕਿ ਸਰਕਾਰ ਦੇ ਪੱਤਰ ਮੁਤਾਬਿਕ ਆਮ ਵਰਗ ਦੇ ਜਿਹੜੇ ਪਰਿਵਾਰਾਂ ਨੇ ਅਜੇ ਤੱਕ ਕਿਸੇ ਤਰਾਂ ਦੇ ਰਾਖਵੇਂਕਰਨ ਦਾ ਲਾਭ ਨਹੀਂ ਲਿਆ ਅਤੇ ਜਿਨਾਂ ਦੇ ਪਰਿਵਾਰਾਂ ਦੀ ਕੁੱਲ ਆਮਦਨ 8 ਲੱਖ ਰੁਪਏ ਤੋਂ ਘੱਟ ਹੈ, ਉਹ ਰਾਖਵੇਂਕਰਨ ਦਾ ਲਾਭ ਲੈ ਸਕਣਗੇ।ਜਿਹੜੇ ਪਰਿਵਾਰਾਂ ਕੋਲ 5 ਏਕੜ ਜਾਂ ਉਸ ਤੋਂ ਵੱਧ ਖੇਤੀਯੋਗ ਜ਼ਮੀਨ, ਨੋਟੀਫਾਈਡ ਮਿੳਂੁਸਿਪੈਲਿਟੀ ਵਿੱਚ ਇਕ ਹਜ਼ਾਰ ਵਰਗ ਫੁੱਟ ਜਾਂ ਇਸ ਤੋਂ ਵੱਧ ਖੇਤਰਫਲ ਦਾ ਘਰ ਹੋਵੇਗਾ, ਉਨਾਂ ਨੂੰ ਰਾਖਵੇਂਕਰਨ ਦਾ ਲਾਭ ਨਹੀਂ ਮਿਲ ਸਕੇਗਾ।ਉਹ ਵਿਅਕਤੀ ਜਿਨਾਂ ਕੋਲ ਨੋਟੀਫਾਇਡ ਮਿੳਂੁਸਿਪੈਲਿਟੀ ਵਿਚ 100 ਵਰਗ ਗਜ ਜਾਂ ਇਸ ਤੋਂ ਵੱਧ ਦਾ ਰਿਹਾਇਸ਼ੀ ਪਲਾਟ ਜਾਂ ਨੋਟੀਫਾਈਡ ਮਿਉਸੀਪੈਲਿਟੀ ਤੋਂ ਇਲਾਵਾ ਹੋਰ ਖੇਤਰਾਂ ਵਿਚ 200 ਵਰਗ ਗਜ਼ ਜਾਂ ਇਸ ਤੋਂ ਵੱਧ ਦਾ ਰਿਹਾਇਸ਼ੀ ਪਲਾਟ ਹੋਵੇਗਾ, ਉਹ ਵੀ 10 ਫ਼ੀਸਦੀ ਰਾਖਵੇਂਕਰਨ ਦਾ ਲਾਭ ਨਹੀਂ ਲੈ ਸਕਣਗੇ।
Punjab Post Daily Online Newspaper & Print Media