ਭੀਖੀ/ਮਾਨਸਾ, 25 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਡਾ. ਮਦਨ ਮੋਹਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਵਲੋਂ ਜਿਲ੍ਹਾ ਮਾਨਸਾ ਦੇ ਝੀਂਗਾ ਮੱਛੀ ਪਾਲਣ ਵਾਲੇ ਕਿਸਾਨਾਂ ਦੇ ਫਾਰਮਾਂ ਦਾ ਦੌਰਾ ਕੀਤਾ ਗਿਆ।ਉਨ੍ਹਾਂ ਵਲੋਂ ਬਾਬੂ ਸਿੰਘ ਭੰਮੇ ਕਲਾਂ, ਗਗਨਦੀਪ ਸਿੰਘ ਬੀਰੇਵਾਲਾ ਜੱਟਾਂ, ਲਖਵਿੰਦਰ ਸਿੰਘ ਕੋਰਵਾਲਾ, ਰੁਪਿੰਦਰ ਸਿੰਘ ਬੀਰੇਵਾਲਾ ਜੱਟਾਂ, ਜਸਵਿੰਦਰ ਕੌਰ ਅੱਕਾਂਵਾਲੀ, ਗੋਬਿੰਦਰ ਸਿੰਘ ਅਤੇ ਗੁਰਕੀਰਤ ਸਿੰਘ ਅੱਕਾਂਵਾਲੀ ਦੇ ਝੀਂਗਾ ਫਾਰਮਿੰਗ `ਚ ਪਲ ਰਹੀ ਝੀਂਗਾ ਮੱਛੀ ਦਾ ਨਿਰੀਖਣ ਕੀਤਾ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਖਾਰੇ ਪਾਣੀ ਵਾਲੀ ਹੈ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ।ਪੰਜ ਤੋਂ ਜਿਆਦਾ ਸੈਲੀਨੀਟੀ ਪਾਣੀ ਵਾਲੀ ਜ਼ਮੀਨ `ਤੇ ਝੀਂਗਾ ਮੱਛੀ ਪਾਲਣ ਦਾ ਕੰਮ ਕਰ ਕੇ ਆਪਣੀ ਆਮਦਨ `ਚ ਵਾਧਾ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਹ ਕੰਮ ਕਰਨ ਲਈ ਇਕ ਹੈਕਟੇਅਰ ਰਕਬੇ `ਤੇ ਲਗਪਗ 10 ਲੱਖ ਰੁਪਏ ਦਾ ਖ਼ਰਚ ਆਉਂਦਾ ਹੈ ।ਕਿਸਾਨ ਸਾਲ ਵਿਚ ਝੀਂਗਾ ਪਾਲਣ ਦੀਆਂ ਦੋ ਫ਼ਸਲਾਂ ਪ੍ਰਾਪਤ ਕਰ ਸਕਦਾ ਹੈ, ਜਿਸ ਤੋਂ 4 ਮਹੀਨਿਆਂ ਵਿੱਚ ਹੀ 10 ਤੋਂ 12 ਲੱਖ ਰੁਪਏ ਪ੍ਰਤੀ ਫ਼ਸਲ ਪ੍ਰਤੀ ਹੈਕਟੇਅਰ ਨਿਰੋਲ ਆਮਦਨ ਕੀਤੀ ਜਾ ਸਕਦੀ ਹੈ ਅਤੇ ਇਹ ਖਾਰਾ ਪਾਣੀ ਕਿਸਾਨ ਲਈ ਵਰਦਾਨ ਸਿੱਧ ਹੋ ਸਕਦਾ ਹੈ ।ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਕਿਸਾਨਾਂ ਨੂੰ ਪਹਿਲਾਂ 10 ਦਿਨ ਦੀ ਸਿਖਲਾਈ ਸੀ.ਆਈ.ਐਫ਼.ਈ ਰੋਹਤਕ ਤੋਂ ਕਰਨੀ ਪਵੇਗੀ। ਇਸ ਧੰਦੇ ਲਈ ਸਰਕਾਰ ਵਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ ।ਸਹਾਇਕ ਡਾਇਰੈਕਟਰ ਮੱਛੀ ਪਾਲਣ ਸੁਖਵਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਕਿਸਾਨ ਕਿਸੇ ਵੀ ਕੰਮ ਵਾਲੇ ਦਿਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਦੂਜੀ ਮੰਜ਼ਿਲ `ਤੇ ਸਥਿਤ ਦਫ਼ਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਨਾਲ ਸੰਪਰਕ ਕਰ ਸਕਦੇ ਹਨ।ਇਸ ਮੌਕੇ ਮੁੱਖ ਕਾਰਜਕਾਰੀ ਅਫ਼ਸਰ ਐਚ.ਐਸ ਬਾਵਾ, ਮੱਛੀ ਪਾਲਣ ਅਫ਼ਸਰ ਬਲਵਿੰਦਰ ਸਿੰਘ ਤੇ ਅਮਨਦੀਪ ਸਿੰਘ ਚੰਡੀਗੜ੍ਹ ਮੌਜੂਦ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media