ਕਮਿਸ਼ਨਰ ਤੰਬਾਕੂ ਕਟਰੋਲ ਸੈਲ ਦੀ ਮੀਟਿੰਗ : ਜਿਹੜ੍ਹੇ ਵਿਭਾਗ ਚਲਾਨ ਨਹੀਂ ਕੱਟਦੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ-ਏ.ਡੀ.ਸੀ.
ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਇੱਥੇ ਤੰਬਾਕੂ ਕੰਟਰੋਲ ਸੈਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਸੀ.ਵਿਕਾਸ ਸ਼੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਤੰਬਾਕੂ ਨੋਸ਼ੀ ਨੂੰ ਠੱਲ੍ਹ ਪਾਉਣ ਲਈ ਹਰ ਸਰਕਾਰੀ ਵਿਭਾਗ ਘੱਟੋ-ਘੱਟ 10 ਚਲਾਨ ਕੱਟੇ। ਵਿਭਾਗਾਂ ਵਲੋਂ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਉਚਿਤ ਕਾਰਵਾਈ ਨਾ ਕਰਨ ਤੇ ਉਨ੍ਹਾਂ ਕਿਹਾ ਕਿ ਸਰਕਾਰੀ ਤੰਤਰ ਦਾ ਕੰਮ ਸਿਰਫ ਜ਼ਿਲ੍ਹੇ ਨੂੰ ਤੰਬਾਕੂ ਰਹਿਤ ਘੋਸ਼ਿਤ ਕਰਨਾ ਨਹੀਂ ਹੈ। ‘ਤੰਬਾਕੂ ਐਕਟ’ ਤਹਿਤ ਸਾਰੇ ਸਰਕਾਰੀ ਵਿਭਾਗਾਂ ਅਤੇ ਅਫ਼ਸਰਾਂ ਨੂੰ ਚਲਾਨ ਕੱਟਣ ਦਾ ਅਧਿਕਾਰ ਦਿੱਤਾ ਗਿਆ ਜਿਸ ਤਹਿਤ ਐਕਟ ਦੇ ਵੱਖ-ਵੱਖ ਸੈਕਸਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਅਗਲੀ ਮਹੀਨਾਵਾਰ ਮੀਟਿੰਗ ਵਿਚ ਸਾਰੇ ਵਿਭਾਗ ਆਪਣੀ ਚਲਾਨ ਸਬੰਧੀ ਰਿਪੋਰਟ ਲੈ ਕੇ ਆਉਣ। ਜਿਹੜੇ ਵਿਭਾਗ ਚਲਾਨ ਨਹੀਂ ਕੱਟਣਗੇ ਉਨ੍ਹਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸੂਬਾ ਪੱਧਰੀ ਮੁੱਖ ਦਫਤਰਾਂ ਵਿਚ ਜਾਣਕਾਰੀ ਦਿੱਤੀ ਜਾਵੇਗੀ। ਵਿਭਾਗਾਂ ਨੂੰ ਆਦੇਸ਼ ਦਿੱਤੇ ਗਏ ਕਿ ਜਿੰਨ੍ਹਾਂ ਕੋਲ ਵੀ ਚਲਾਨ ਬੁੱਕ ਨਹੀਂ ਹੈ ਉਹ ਸਿਹਤ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਮੀਟਿੰਗ ਦੌਰਾਨ ਸਿਹਤ ਵਿਭਾਗ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਟਰਾਂਸਪੋਰਟ ਵਿਭਾਗ ਨੇ ਸਭ ਤੋਂ ਜਿਆਦਾ 2 ਹਜ਼ਾਰ ਤੋਂ ਵੱਧ ਚਲਾਨ ਤੰਬਾਕੂ ਐਕਟ ਦੇ ਅਧੀਨ ਕੱਟੇ। ਸੀ.ਐਚ.ਸੀ.ਭਗਤਾ ਨੇ ਵੀ ਸ਼ਾਨਦਾਰ ਕਾਰਗੁਜਾਰੀ ਦਿਖਾਉਂਦੇ ਹੋਏ ਕਈ ਸੌ ਚਲਾਨ ਕੱਟੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵਿੱਦਿਅਕ ਅਦਾਰੇ ਦੇ 100 ਮੀਟਰ ਦਾਅਰੇ ਦੇ ਅੰਦਰ ਜੇ ਕੋਈ ਤੰਬਾਕੂ ਵੇਚਣ ਵਾਲਾ ਖੋਖਾ ਜਾਂ ਪੋਸਟਰ ਲਾਇਆ ਜਾਂਦਾ ਹੈ ਤਾਂ ਸਕੂਲ ਦਾ ਮੁੱਖ ਅਧਿਆਪਕ ਜ਼ਿਲ੍ਹਾ ਪੁਲਿਸ ਨੂੰ ਸੂਚਿਤ ਕਰੇ ਤਾਂ ਜੋ ਖੋਖੇ ਜਾਂ ਪੋਸਟਰ ਨੂੰ ਹਟਾਇਆ ਜਾ ਸਕੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਆਈ.ਏ.ਐਸ.ਅੰਡਰ ਟ੍ਰੇਨਿੰਗ ਵਿਸ਼ੇਸ਼ ਸਾਰੰਗਲ, ਡੀ.ਡੀ.ਪੀ.ਓ.ਰਾਜਿੰਦਰ ਬੱਤਰਾ ਤੋਂ ਇਲਾਵਾ ਸਿਹਤ ਅਧਿਕਾਰੀ ਮੌਜੂਦ ਸਨ।
Punjab Post Daily Online Newspaper & Print Media