ਬਟਾਲਾ, 21 ਸਤੰਬਰ (ਨਰਿੰਦਰ ਬਰਨਾਲ)-ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਭਰਥ ਵਿਖੇ ਇੱਕ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਡਾ. ਰਜਿੰਦਰ ਸਿੰਘ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਅਤੇ ਯਾਦਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਦੇ ਯਤਨਾਂ ਨਾਲ ਲਗਾਏ ਇਸ ਕੈਂਪ ਵਿੱਚ ਡਾ. ਅਮਰੀਕ ਸਿੰਘ ਖੇਤੀਬਾੜੀ ਵਿਕਾਸ ਅਫਸਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਜਗਮੀਤ ਸਿੰਘ ਬੀ.ਟੀ.ਐਮ. ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਮਾਦ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਮਾਦ ਦੀ ਬਿਜਾਈ 20 ਸਤੰਬਰ ਤੋਂ 20 ਅਕਤੂਬਰ ਤੱਕ ਕੀਤੀ ਜਾ ਸਕਦੀ ਹੈ। ਇਸ ਤੋਂ ਪਿਛੇਤੀ ਬਿਜਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਪਿਛੇਤੀ ਬਿਜਾਈ ਕਰਨ ਨਾਲ ਫਸਲ ‘ਤੇ ਕੋਰੇ ਦਾ ਅਸਰ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਪੈਦਾਵਾਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੱਤਝੜ ਰੁੱਤ ਦੀ ਬਿਜਾਈ ਲਈ ਕੇਵਲ ਸੀ ੳ ਜੇ 85, ਸੀ ੳ ਜੇ 89003, ਸੀ ੳ 118 ਜਾਂ ਸੀ ੳ ਜੇ 83 ਕਿਸਮਾਂ ਦੀ ਹੀ ਵਰਤੋਂ ਕਰਨ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਰਸਾਇਣਾਂ ਨਾਲ ਜ਼ਰੂਰ ਸੋਧ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੱਤਝੜ ਦੀ ਰੁੱਤ ਦੇ ਕਮਾਦ ਦੀ ਫਸਲ ਵਿੱਚ ਹੋਰ ਫਸਲਾਂ ਜਿਵੇਂ ਸਰੋਂ, ਕਣਕ, ਗੋਭੀ, ਛੋਲੇ, ਮਟਰ ਆਦਿ ਬੀਜ਼ ਕੇ ਉਤਪਾਦਕਤਾ ਵਧਾਉਣ ਦੇ ਨਾਲ ਨਾਲ ਵਧੇਰੇ ਮੁਨਾਫਾ ਵੀ ਲਿਆ ਜਾ ਸਕਦਾ ਹੈ।
ਕਮਾਦ ਦੇ ਘੋੜੇ (ਪਾਰਿਲੇ) ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਸੀ ੳ ਜੇ 89003 ਕਿਸਮ ਉੱਪਰ ਹਮਲਾ ਬਹੁਤ ਘੱਟ ਹੈ, ਪਰ ਸੀ ੳ 238 ਕਿਸਮ ਉੱਪਰ ਹਮਲਾ ਜ਼ਿਆਦਾ ਪਾਇਆ ਗਿਆ ਹੈ। ਉਨਾਂ ਕਿਹਾ ਕਿ ਕਮਾਦ ਦੇ ਘੋੜੇ ਦੇ ਹਮਲੇ ਵਾਲੇ ਖੇਤਾਂ ਵਿੱਚ ਇਪੀਰੀਕੇਨੀਆ ਨਾਮਕ ਮਿੱਤਰ ਕੀੜਾ ਵੱਡੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ, ਜੋ ਕਮਾਦ ਦੇ ਘੋੜੇ ਦੇ ਬੱਚਿਆਂ ਅਤੇ ਵੱਡੇ ਕੀੜਿਆਂ ਦੀ ਰੋਕਥਾਮ ਕਰਨ ਵਿੱਚ ਸਹਾਈ ਹੁੰਦਾ ਹੈ। ਉਨਾਂ ਕਿਹਾ ਕਿ ਜੇਕਰ ਕਮਾਦ ਦੇ ਘੋੜੇ ਦਾ ਹਮਲਾ ਬਹੁਤ ਜ਼ਿਆਦਾ ਹੋ ਜਾਵੇ ਤਾਂ ਇੰਜਣ ਜਾਂ ਟ੍ਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪਾਂ ਦੀ ਸਹਾਇਤਾ ਨਾਲ ਕੀਟ ਨਾਸ਼ਕ ਰਸਾਇਣਾਂ ਐਸੀਫੇਟ ਜਾਂ ਡਾਈਮੈਥੋਏਟ 1 ਤੋਂ 1.5 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।
ਡਾ. ਰਾਜਿੰਦਰ ਸਿੰਘ ਨੇ ਕਿਹਾ ਕਿ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਖੇਤੀ ਮਾਹਿਰਾਂ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਪੌਦ ਸੁਰੱਖਿਆ ਕਰਨੀ ਚਾਹੀਦੀ ਹੈ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕੇ।ਉਨਾਂ ਕਿਹਾ ਬਾਸਮਤੀ 1121 ਦੀਆਂ ਮੁੰਝਰਾਂ ਨਿਕਲਣ ਤੋਂ ਪਹਿਲਾਂ 200 ਮਿਲੀ ਲਿਟਰ ਪ੍ਰੋਪੀਕੋਨਾਜ਼ੋਲ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਸਮੱਗਰੀ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਿਆ ਜਾਵੇ ਅਤੇ ਖੇਤੀ ਸਮੱਗਰੀ ਸਿਰਫ ਲਾਇਸੰਸਸ਼ੁਦਾ ਦੁਕਾਨਾਂ ਤੋਂ ਖ੍ਰੀਦੀ ਜਾਵੇ। ਯਾਦਵਿੰਦਰ ਸਿੰਘ ਨੇ ਅਖੀਰ ਵਿੱਚ ਕੈਂਪ ਵਿੱਚ ਆਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀਬਾਤੀ ਦੇ ਕਿੱਤੇ ਨੂੰ ਫਾਇਦੇਮੰਦ ਬਨਾਉਣ ਲਈ ਰਵਾਇਤੀ ਖੇਤੀ ਦੀ ਜਗਾ ਵਿਗਿਆਨਕ ਖੇਤੀ ਕਰਨੀ ਚਾਹੀਦੀ ਹੈ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media