ਲੁਧਿਆਣਾ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਕਾਸ ਅਫਸਰਾਂ ਅਤੇ ਬਾਗਬਾਨੀ ਵਿਕਾਸ ਅਫਸਰਾਂ ਦੀ ਸਾਂਝੀ ਜਥੇਬੰਦੀ ਪਲਾਂਟ ਡਾਕਟਰ
ਸਰਵਿਸਜ਼ ਐਸੋਸੀਏਸ਼ਨ (ਪੀ.ਡੀ.ਐਸ.ਏ) ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਬੀਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ।ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ।ਸਾਰੇ ਆਗੂਆਂ ਨੇ ਕਿਹਾ ਏ.ਡੀ.ਓ ਅਤੇ ਐਚ.ਡੀ.ਓ ਦੀਆਂ ਭਾਰੀ ਗਿਣਤੀ `ਚ ਅਸਾਮੀਆਂ ਖਾਲੀ ਪਈਆਂ ਹਨ।ਥੋੜੀ ਗਿਣਤੀ ਵਿਚ ਕੰਮ ਕਰਦਿਆਂ ਵੀ ਕਿਸਾਨਾਂ ਪ੍ਰਤੀ ਮਿਸ਼ਨਰੀ ਭਾਵ ਹੋਣ ਕਰਕੇ ਭਾਵੇ ਉਹ ਮਿਲਦੇ ਸਾਰੇ ਕੰਮ ਕਰ ਰਹੇ ਹਨ।ਇਸ ਲਈ ਸਰਕਾਰ ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰੇ ਅਤੇ ਲੰਬੇ ਸਮੇ ਤੋਂ ਤਰੱਕੀ ਦੀ ਉਡੀਕ ਕਰ ਰਹੇ ਅਫਸਰਾਂ ਨੂੰ ਤਰੱਕੀ ਦੇਵੇ ।ਉਨਾਂ ਦੀ ਜਥੇਬੰਦੀ ਜਮਾਤ ਕਿਸਾਨਾਂ ਨਾਲ ਖੇਤ ਪੱਧਰ ਤੇ ਜੁੜੀ ਹੋਣ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ ਨੂੰ ਚੰਗੀ ਤਰਾਂ ਸਮਝਦੀ ਹੈ।ਕਿਸਾਨ ਹਿੱਤ ਵਿੱਚ ਬਣਦੀ ਨਵੀਂ ਪਾਲਿਸੀ ਜਾਂ ਵਿਭਾਗ ਦੇ ਪੁਨਰਗਠਨ ਸਮੇਂ ਜਥੇਬੰਦੀ ਦੇ ਸੁਝਾਵਾਂ `ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ।ਜਥੇਬੰਦੀ ਨੇ ਸਰਕਾਰ ਵਲੋਂ 4 ਅਧਿਕਾਰੀਆਂ ਨੂੰ ਦੋਸ਼ ਸੂਚੀ ਜ਼ਾਰੀ ਕਰਨ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਕੀਟਨਾਸ਼ਕਾਂ ਦੇ ਕੇਸਾਂ ਵਿਚ ਵੱਖ-ਵੱਖ ਪੱੱਧਰ `ਤੇ ਹੋਈ ਦੇਰੀ ਦਾ ਸਾਰਾ ਦੋਸ਼ ਕੇਵਲ ਖੇਤੀਬਾੜੀ ਵਿਕਾਸ ਅਫਸਰਾਂ `ਤੇ ਨਾ ਮੜਿਆ ਜਾਵੇ ਅਤੇ ਇਸ ਦੀ ਦੁਬਾਰਾ ਜਾਂਚ ਕਰਵਾਈ ਜਾਵੇ।
ਇਸ ਤੋਂ ਇਲਾਵਾ ਖੇਤੀਬਾੜੀ ਟੈਕਨੋਕਰੇਟਾਂ ਦੀਆਂ ਸਿਆਸੀ ਦਬਾਅ ਹੇਠ ਕੀਤੀਆਂ ਬਦਲੀਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ।ਚਿਰਾਂ ਤੋ ਲਟਕਦੀ ਆ ਰਹੀ ਮੰਗ, ਖੇਤੀ ਟੈਕਨੋਕਰੇਟਸ ਨੂੰ ਡਾਇਨਾਮਿਕ ਏ.ਸੀ.ਪੀ ਦੇ ਅਨੈਕਜ਼ਰ ਏ ਵਿਚ ਸ਼ਾਮਲ ਕਰਨ ਲਈ ਹੁਕਮ ਜ਼ਾਰੀ ਕੀਤੇ ਜਾਣ।ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਬਾਰੇ ਬੋਲਦਿਆਂ ਕਿਹਾ ਨਵੀ ਭਰਤੀ ਦਾ ਪ੍ਰੋਬੇਸ਼ਨ ਸਮਾਂ ਘਟਾਉਣ ਅਤੇ ਇਸ ਸਮੇਂ ਨੂੰ ਰੈਗੁਲਰ ਸੇਵਾ ਵਜੋਂ ਗਿਣਦਿਆਂ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ।ਡੀ.ਏ ਦੀਆਂ ਬਕਾਇਆ ਕਿਸ਼ਤਾਂ ਜ਼ਾਰੀ ਕੀਤੀਆਂ ਜਾਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਸਰਕਾਰ ਦੇ ਵਾਅਦੇ ਅਨੁਸਾਰ ਨਿਸ਼ਚਿਤ ਸਮੇਂ `ਤੇ ਦਿੱਤੀ ਜਾਂਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਨੇ ਜਾਇਜ਼ ਅਤੇ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।
ਇਸ ਮੌਕੇ ਡਾ. ਗੁਰਬਿੰਦਰ ਸਿੰਘ ਸੰਧੂ ਸਰਪ੍ਰਸਤ, ਡਾ. ਜਸਵਿੰਦਰ ਸਿੰਘ ਜੁਆਇਟ ਸਕੱਤਰ, ਡਾ. ਜੁਪਇੰਦਰ ਸਿੰਘ, ਡਾ. ਸੁਖਪਾਲ ਸਿੰਘ, ਡਾ. ਅਮਰਜੀਤ ਸਿੰਘ, ਡਾ. ਜੈਦੀਪ ਸਿੰਘ ਸਾਰੇ ਕਾਰਕਾਰਨੀ ਮੈਂਬਰਾਂ ਤੋ ਇਲਾਵਾ ਜਿਲਾ ਕਾਰਕਰਨੀ ਮੈਂਬਰ ਤੋ ਇਲਾਵਾ ਜਿਲੇ੍ਹ ਦੇ ਅਹੁਦੇਦਾਰ ਡਾ. ਪਰਮਬੀਰ ਸਿੰਘ, ਡਾ. ਸੁਖਪਾਲਬੀਰ ਸਿੰਘ, ਡਾ. ਗਗਨਦੀਪ ਸਿੰਘ, ਡਾ. ਹਰਪਿੰਦਰ ਸਿੰਘ, ਡਾ. ਸੁਖਦੀਪ ਸਿੰਘ ਹੁੰਦਲ, ਡਾ. ਗੁਰਪ੍ਰੀਤ ਸਿੰੰਘ, ਡਾ. ਵਿਜੇ ਮਹੇਸ਼ੀ,ਡਾ. ਚਰਨਜੀਤ ਸਿੰਘ, ਡਾ. ਅਮਰ ਸਿੰਘ, ਡਾ. ਜਸਬੀਰ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media