ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ’ਇਕ ਰਾਸ਼ਟਰ ਇਕ ਭਾਸ਼ਾ’ ਦੇ ਵਿਵਾਦਿਤ
ਪ੍ਰਸਤਾਵ ਪ੍ਰਤੀ ਦੱਖਣੀ ਰਾਜਾਂ ਤੋਂ ਬਾਅਦ ਉਤਰੀ ਰਾਜਾਂ ਤੋਂ ਵੀ ਉਠ ਰਹੀਆਂ ਵਿਰੋਧੀ ਸੁਰਾਂ ਤੇਜ਼ ਹੋ ਰਹੀਆਂ ਹਨ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਾਹ ਦੇ ਪ੍ਰਸਤਾਵ ਨੂੰ ਮੂਲੋਂ ਖਾਰਜ਼ ਕਰਦਿਆਂ ਇਕ ਵਿਸ਼ੇਸ਼ ਭਾਸ਼ਾ ਰਾਹੀਂ ਪੂਰੇ ਦੇਸ਼ ਨੂੰ ਜੋੜਨ ਬਾਰੇ ਦਿਤੇ ਗਏ ਹੋਕੇ ਲਈ ਉਸ ਦੀ ਬੌਧਿਕਤਾ ‘ਤੇ ਵਿਅੰਗ ਕੱਸਿਆ ਅਤੇ ਇਸ ਨੂੰ ’ਨੀਮ ਹਕੀਮ ਖਤਰਾ ਏ ਹਿੰਦ’ ਕਿਹਾ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ’ਚ ਦਮਦਮੀ ਟਕਸਾਲ ਦੇ ਮੁਖੀ ਨੇ ਸ਼ਾਹ ਦੇ ਬਿਆਨ ਨੂੰ ਮੰਦਭਾਗਾ ਅਤੇ ਭਾਰਤੀ ਸੰਵਿਧਾਨ ਦੀ ਰੂਹ ਤੇ ਆਪਣੇ ਰੁਤਬੇ ਪ੍ਰਤੀ ਗੈਰਜਿੰਮੇਦਾਰੀ, ਗੁਮਰਾਹਕੰੁਨ, ਦੂਜੀਆਂ ਭਾਸ਼ਾਵਾਂ ਬੋਲੀਆਂ ਪ੍ਰਤੀ ਤ੍ਰਿਸਕਾਰ ਦੀ ਭਾਵਨਾ ਅਤੇ ਤੰਗ ਨਜ਼ਰੀਏ ਵਾਲੀ ਕਰਾਰ ਦਿੱਤਾ। ਉਨਾਂ ਕਿਹਾ ਕਿ ਭਾਰਤੀ ਸਮਾਜ ਬਹੁ ਸਭਿਆਚਾਰਕ ਅਤੇ ਬਹੁ ਭਾਸ਼ਾਈ ਹੈ। ਸੰਵਿਧਾਨ ਦੀ ਧਾਰਾ 29 ਮੁਤਾਬਿਕ ਸਾਰੀਆਂ ਭਾਸ਼ਾਵਾਂ ਬੋਲੀਆਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।ਲੋਕਾਂ `ਤੇ ਇਕ ਵਿਸ਼ੇਸ਼ ਭਾਸ਼ਾ ਨੂੰ ਠੋਸਿਆ ਜਾਵੇਗਾ ਤਾਂ ਦੇਸ਼ `ਚ ਬੇਚੈਨੀ ਅਤੇ ਅਵਿਸ਼ਵਾਸ ਵਾਲਾ ਮਾਹੌਲ ਬਣੇਗਾ।ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਵੱਖ ਵੱਖ ਬੋਲੀਆਂ ਭਾਸ਼ਾਵਾਂ ਤੋਂ ਨਹੀਂ ਸਗੋਂ ਬਹੁਗਿਣਤੀ ਅਧਾਰਿਤ ਰਾਸ਼ਟਰਵਾਦ ਦੇ ਅਮਲ ਤੋਂ ਹੈ।ਦੇਸ਼ ਨੂੰ ਖ਼ਤਰੇ ਵਾਲਾ ਹਊਆ ਖੜ੍ਹਾ ਕਰਨ ਵਾਲੀ ਸ਼ਾਹ ਦੀ ਪ੍ਰਵਿਰਤੀ ਦੇਸ਼ ਦੇ ਵੱਖ ਵੱਖ ਭਾਈਚਾਰਿਆਂ ਚ ਗਲਤ ਸੰਕੇਤ ਜਾਵੇਗਾ।
ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦਾ ਵਤੀਰਾ ਘੱਟ ਗਿਣਤੀਆਂ ਨੂੰ ਹਿਫਾਜ਼ਤ ਮੁਹੱਈਆ ਕਰਨ ਦੀ ਥਾਂ ਦੇਸ਼ ਨੂੰ ਤਾਨਾਸ਼ਾਹੀ ਢਾਂਚੇ ਦੀ ਸਥਾਪਨਾ ਵੱਲ ਲੈ ਜਾ ਸਕਦਾ ਹੈ।ਉਹਨਾਂ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪ੍ਰਤੀ ਸੁਚੇਤ ਤੇ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਬੋਲੀ ਅਤੇ ਗੁਰਮੁਖੀ ਲਿੱਪੀ ਸਾਡੀ ਜਿੰਦ ਜਾਨ, ਸਾਹ ਰਗ ਅਤੇ ਏਕਤਾ ਦਾ ਪ੍ਰਤੀਕ ਹਨ।ਉਨ੍ਹਾਂ ਦੇਸ਼ ਲਈ ਸੰਘੀ ਢਾਂਚਾ ਲਾਗੂ ਕਰਨ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਥਾਂ ਦੇਸ਼ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਸੰਵਿਧਾਨ ਦੀ ਰੂਹ ਮੁਤਾਬਿਕ ਸਹੀ ਅਰਥਾਂ ’ਚ ਦੇਸ਼ ਫੈਡਰਲ ਰਾਜ ਬਣਾਉਣ ਵਲ ਧਿਆਨ ਦੇਵੇ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media