ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ (ਰਜਿ.) ਨੇ ਇਤਿਹਾਸਕ ਰਾਮ ਬਾਗ
ਵਿੱਚੋਂ ਨਜਾਇਜ਼ ਉਸਾਰੀਆਂ ਢਾਹ ਕੇ ਇਸ ਨੂੰ ਮੁੜ ਮਹਾਰਾਜਾ ਰਣਜੀਤ ਸਿੰਘ ਸਮੇਂ ਦਾ ਰੂਪ ਦੇਣ ਦੀ ਮੰਗ ਕੀਤੀ ਹੈ।ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਭੇਜੀ ਇੱਕ ਈ-ਮੇਲ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ 4 ਦਸੰਬਰ 2018 ਨੂੰ ਭਾਰਤ ਦੇ ਰਾਸ਼ਟਰਪਤੀ ਦੇ ਤਰਫ਼ੋਂ ਭਾਰਤੀ ਪੁਰਾਤਿਤਵ ਵਿਭਾਗ ਦੇ ਚੰਡੀਗੜ੍ਹ ਸਰਕਲ ਦੇ ਸੁਪਰਡੈਂਟ ਤੇ ਪੰਜਾਬ ਸਰਕਾਰ ਦੇ ਗਵਰਨਰ ਦੀ ਤਰਫ਼ੋਂ ਮਿਉਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਉਸ ਸਮੇਂ ਦੀ ਕਮਿਸ਼ਨਰ ਸ੍ਰੀਮਤੀ ਸੁਨਾਲੀ ਗਿਰੀ ਵੱਲੋਂ ਇੱਕ ਸਮਝੌਤਾ ਹੋਇਆ ਸੀ।ਇਸ ਸਮਝੌਤੇ ਵਿੱਚ ਕਿਹਾ ਗਿਆ ਹੈ ਕਿ ਇਹ ਬਾਗ਼ ਚਾਰ ਬਾਗ਼ ਦੇ ਪੈਟਰਨ ‘ਤੇ ਬਣਾਇਆ ਗਿਆ ਹੈ, ਜਿਸ ਵਿੱਚ ਕਈ ਉਸਾਰੀਆਂ ਕੀਤੀਆਂ ਗਈਆਂ ਹਨ ਜਿਹੜੀਆਂ ਬਾਗ਼ ਦੇ ਮੂਲ ਨਾਲ ਮੇਲ ਨਹੀਂ ਖਾਂਦੀਆਂ ਤੇ ਇਸ ਦੀ ਪੁਰਾਤਨਤਾ ਨੂੰ ਢਾਹ ਲਾਉਂਦੀਆਂ ਹਨ, ਜਿਨ੍ਹਾਂ ਨੂੰ ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਤੇ ਭਾਰਤੀ ਪੁਰਾਤਿਤਵ ਵਿਭਾਗ ਨੇ ਇਮਾਨਦਾਰੀ ਅਤੇ ਸਾਰੇ ਸਾਧਨਾਂ ਰਾਹੀਂ ਇਨ੍ਹਾਂ ਨੂੰ ਇੱਥੋਂ ਹਟਾਉਣਾ ਹੈ ਤਾਂ ਜੋ ਇਸ ਦੀ ਪੁਰਾਣੀ ਦਿਖ ਬਹਾਲ ਹੋ ਸਕੇ।ਜਿਹੜੀਆਂ ਇਮਾਰਤਾਂ ਨੂੰ ਹਟਾਉਂਣਾ ਹੈ, ਉਨ੍ਹਾਂ ਵਿੱਚ ਨਗਰ ਨਿਗਮ ਦਾ ਐਸ.ਡੀ.ਓ ਦਫ਼ਤਰ, ਖਾਣ ਪੀਣ ਵਾਲਾ ਖੋਖਾ, ਲਾਅਨ ਟੈਨਿਸ ਤੇ ਸਕੇਟਿੰਗ ਰਿੰਕ ਆਦਿ ਸ਼ਾਮਲ ਹਨ।
ਇਸ ਸਮਝੌਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੌਮੀ ਸਮਾਰਕ ਅੇਲਾਨ ਕਰਨ ਦੇ ਬਾਵਜੂਦ ਵੀ ਤਿੰਨੇ ਕਲੱਬਾਂ ਅੰਮ੍ਰਿਤਸਰ ਕਲਬ, ਲਮਸਡਨ ਕਲੱਬ ਤੇ ਸਰਵਿਸ ਕਲਬ ਵੱਲੋਂ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਹਟਾਇਆ ਜਾਵੇਗਾ।ਬਾਗ਼ ਅੰਦਰ ਸ਼ਰਾਬ ਦੀ ਵਰਤੋਂ ਕਰਨ ਅਤੇ ਹੋਰ ਵਪਾਰਕ ਕੰਮ ਕਰਨ ਦੀ ਮਨਾਹੀ ਕੀਤੀ ਗਈ ਹੈ।ਸਮਝੋਤੇ ਨੂੰ ਹੋਇਆਂ 20 ਮਹੀਨੇ ਹੋ ਚੁੱਕੇ ਹਨ, ਨਾ ਤਾਂ ਕਲੱਬਾਂ ਦੀਆਂ ਨਜਾਇਜ਼ ਉਸਾਰੀਆਂ ਢਾਹੀਆਂ ਗਈਆਂ ਹਨ ਤੇ ਨਾ ਹੀ ਐਸ.ਡੀ.ਓ ਦਫ਼ਤਰ, ਲਾਅਨ ਟੈਨਿਸ, ਸਕੇਟਿੰਗ ਰਿੰਗ ਆਦਿ ਢਾਹੀਆਂ ਗਈਆਂ ਹਨ ਅਤੇ ਨਾ ਹੀ ਸ਼ਰਾਬ ਦੀ ਵਰਤੋਂ ਬੰਦ ਹੋਈ ਹੈ।ਇਨ੍ਹਾਂ ਸਾਰੇ ਕੰਮਾਂ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ, ਪਰ ਨਗਰ ਨਿਗਮ ਅਜੇ ਤੀਕ ਇਨ੍ਹਾਂ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋਇਆ।
ਜਿੱਥੋਂ ਤੀਕ ਕਲੱਬਾਂ ਦੀ ਲੀਜ਼ ਦਾ ਸਬੰਧ ਹੈ, ਇਸ ਬਾਰੇ ਕਿਹਾ ਗਿਆ ਹੈ ਕਿ ਜੇ ਕਲੱਬਾਂ ਵਾਲੇ ਨਜਾਇਜ਼ ਉਸਾਰੀਆਂ ਢਾਹ ਦੇਂਦੇ ਹਨ ਤੇ ਸ਼ਰਾਬ ਦੀ ਵਰਤੋਂ ਨਹੀਂ ਕਰਦੇ ਤਾਂ ਇਨ੍ਹਾਂ ਦੀ ਲੀਜ਼ ਵੱਧ ਤੋਂ ਵੱਧ ਪੰਜ ਸਾਲ ਵਧਾਈ ਜਾਵੇਗੀ।ਇਸ ਸਮੇਂ ਦੌਰਾਨ ਨਗਰ ਨਿਗਮ ਕਲੱਬਾਂ ਨੂੰ ਪੜਾਅਵਾਰ ਇੱਥੋਂ ਕਿਸੇ ਹੋਰ ਢੁਕਵੀਂ ਜਗਾ ਜਿੱਥੇ ਉਹ ਠੀਕ ਸਮਝੇ ਤਬਦੀਲ ਕਰੇਗਾ ਤੇ ਸਮੁਚੇ ਸਮਾਰਕ ਦਾ ਕਬਜਾ ਚੰਗੇ ਪ੍ਰਬੰਧ ਲਈ ਪੁਰਾਤਿਤਵ ਵਿਭਾਗ ਨੂੰ ਦੇ ਦੇਵੇਗਾ।ਸਮਝੌਤੇ ਵਿਚ ਬਾਗ਼ ਅੰਦਰ ਚਾਰ ਪਹੀਆ ਗੱਡੀਆਂ ਤੇ ਭਾਰੀ ਗੱਡੀਆਂ ਦੇ ਦਾਖ਼ਲੇ ਦੀ ਮਨਾਹੀ ਕੀਤੀ ਗਈ ਹੈ, ਇਸ ਦੀ ਵੀ ਪਾਲਣਾ ਨਹੀਂ ਹੋ ਰਹੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media