ਸਿੱਖਿਆ ਅਧਿਕਾਰੀਆਂ ਨੇ ਸਕੂਲਾਂ ‘ਚ ਅਧੁਨਿਕ ਸਾਹੂਲਤਾਂ ਨਾਲ ਪੜ੍ਹਾਈ ਕਰਵਾਉਣ ਦੇ ਕੀਤੇ ਦਾਅਵੇ
ਭੀਖੀ, 14 ਦਸੰਬਰ ( ਕਮਲ ਜਿੰਦਲ ): ਮੌਸਮ ਦੀ ਖਰਾਬੀ ਅਤੇ ਠੰਡ ਦੇ ਬਾਵਜ਼ੂਦ ਵੀ ਜਿਲ੍ਹੇ ਭਰ ਦੇ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਨੂੰ ਚੰਗਾ ਹੁੰਗਾਰਾ
ਮਿਲਿਆ, ਸਮਾਰਟ ਸਕੂਲਾਂ ਵਿੱਚ ਤਬਦੀਲ ਹੋਏ ਜਿਆਦਾਤਰ ਸਕੂਲਾਂ ਚ ਲੱਗੇ ਅਧੁਨਿਕ ਪ੍ਰੋਜੈਕਟਰਾਂ, ਈ ਕੰਟੈਂਟ ਰਾਹੀ ਹੋ ਰਹੀ ਪੜ੍ਹਾਈ ਤੋਂ ਉਹ ਤਸੱਲੀ ਪ੍ਰਗਟ ਕਰ ਰਹੇ ਸਨ, ਦੂਜੇ ਵੰਨੇ ਲਗਭਗ ਸਾਰੇ ਸੈਕੰਡਰੀ ਸਕੂਲਾਂ ‘ਚ ਕਈ ਦਹਾਕਿਆਂ ਬਾਅਦ ਆਏ ਰੈਗੂਲਰ ਪ੍ਰਿੰਸੀਪਲਾਂ, ਪ੍ਰਾਇਮਰੀ ਸਕੂਲਾਂ ਚ ਆਏ ਹੈਡ ਟੀਚਰ, ਸੈਂਟਰ ਹੈਡ ਟੀਚਰ ਅਤੇ ਬਲਾਕ ਪੱਧਰ ‘ਤੇ ਆਏ ਬਲਾਕ ਸਿੱਖਿਆ ਅਫਸਰਾਂ ਨੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਹੁਣ ਅਸਾਮੀਆਂ ਦੀ ਪੂਰਤੀ ਤੋਂ ਬਾਅਦ ਪੜ੍ਹਾਈ ਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜਵੰਤ ਕੌਰ ਨੇ ਸਰਕਾਰੀ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ, ਕੋਟੜਾ ਕਲਾਂ,ਅਤਲਾ ਕਲਾਂ ਵਿਖੇ ਮਾਪਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਖੇਤਰ ਚ ਮਾਨਸਾ ਜ਼ਿਲ੍ਹਾ ਪਹਿਲਾ ਵੀ ਪੰਜਾਬ ਭਰ ਚੋ ਮੋਹਰੀ ਸਥਾਨਾਂ ਤੇ ਆਉਂਦਾ ਰਿਹਾ ਹੈ, ਹੁਣ ਵੀ ਕੋਈ ਕੱਚ ਨਹੀ ਰਹਿਣ ਦਿੱਤੀ ਜਾਵੇਗੀ।ਉਨ੍ਹਾਂ ਅਧਿਆਪਕਾਂ ਦੀ ਵੀ ਪ੍ਰਸ਼ੰਸ਼ਾ ਕੀਤੀ ਜੋ ਸਵੇਰੇ ਸ਼ਾਮ ਨੂੰ ਵਾਧੂ ਸਮਾਂ ਲਾ ਕੇ ਵਿਦਿਆਰਥੀਆਂ ਦੀ ਬੇਹਤਰ ਕਾਰਗੁਜ਼ਾਰੀ ਲਈ ਡਟੇ ਹੋਏ ਹਨ।
ਡਿਪਟੀ ਡੀ.ਈ.ਓ ਐਲੀਮੈਂਟਰੀ ਗੁਰਲਾਭ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਾਇਮਰੀ ਪੱਧਰ ‘ਤੇ ਜੋ ਪਹਿਲਾ ਫਰਨੀਚਰ ਅਤੇ ਹੋਰ ਮੁੱਢਲੀਆਂ ਲੋੜਾਂ ਸਨ,ਉਨ੍ਹਾਂ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਬਹੁਤੇ ਸਕੂਲਾਂ ਚ ਅਧੁਨਿਕ ਪ੍ਰੋਜੈਕਟਾਂ ਰਾਹੀ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿ ਇਸ ਵਾਰ ਪ੍ਰਾਇਮਰੀ ਪੱਧਰ ਅਤੇ ਪ੍ਰੀ ਪ੍ਰਾਇਮਰੀ ਪੱਧਰ ‘ਤੇ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਪੱਧਰ ਤੇ ਫਿੱਟ ਰੱਖਣ ਲਈ ਖੇਡਾਂ ਨਾਲ ਸਬੰਧਤ ਸਮਾਨ ਦਿੱਤਾ ਵੀ ਦਿੱਤਾ ਗਿਆ ਹੈ।
ਬਲਾਕ ਸਿੱਖਿਆ ਅਫਸਰ ਮਾਨਸਾ ਸਤਵਿੰਦਰ ਕੌਰ ਨੇ ਮਾਨਸਾ ਕੈਂਚੀਆ, ਗਾਂਧੀ ਨਗਰ ਮਾਨਸਾ, ਬੱਸ ਅੱਡਾ ਸਕੂਲ ਤੋਂ ਇਲਾਵਾ ਕਈ ਹੋਰ ਸਕੂਲਾਂ ‘ਚ ਮਾਪਿਆਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿਵਾਇਆ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਵੱਖ-ਵੱਖ ਸਕੂਲਾਂ ਚ ਪ੍ਰਿੰਸੀਪਲ ਡਾ. ਬੂਟਾ ਸਿੰਘ ਬੋੜਾਵਾਲ, ਜਿਲ੍ਹਾ ਗਾਈਡੈਂਸ ਕੌਸਲਰ ਨਰਿੰਦਰ ਸਿੰਘ ਮੋਹਲ, ਪ੍ਰਿੰਸੀਪਲ ਅਸ਼ੋਕ ਕੁਮਾਰ, ਦੀਪਕ ਕੁਮਾਰ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media