ਕੱਲ੍ਹ ਹੋਵੇਗਾ ਜੇਤੂ ਯੂਨੀਵਰਸਿਟੀ ਦਾ ਐਲਾਨ
ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਉਤਰੀ ਭਾਰਤ ਦੇ 18 ਤੋਂ ਵੱਧ ਵੱਖ ਵੱਖ ਲੋਕ ਨਾਚਾਂ ਨੇ ਅੱਜ ਗੁਰੂ ਨਾਨਕ ਦੇਵ
ਯੂਨੀਵਰਸਸਿਟੀ ਵਿਚ ਸਥਿਤ ਦਸਮੇਸ਼ ਆਡੀਟੋਰੀਅਮ ਵਿਚ ਅਜਿਹਾ ਝੂਮਣੇ ਲਾਇਆ ਕਿ ਠੰਡ ਦਾ ਅਹਿਸਾਸ ਹੀ ਖਤਮ ਹੋ ਗਿਆ। ਅੱਜ 35ਵੇਂ ਅੰਤਰ ਯੂਨੀਵਰਸਿਟੀ ਨਾਰਥ ਜ਼ੋਨ ਯੁਵਕ ਮੇਲੇ `ਯੁਵਫੋਰੀਆ` ਦਾ ਚੌਥਾ ਦਿਨ ਸੀ ਜਿਸ ਵਿਚ ਅਖੀਰ ਵਿਚ ਵੱਖ ਵੱਖ ਸੂਬਿਆਂ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਆਪੋ ਆਪਣੇ ਸਭਿਆਚਾਰ ਦੀ ਪ੍ਰਤੀਨਿਧਤਾ ਕਰਦੇ ਲੋਕ ਨਾਚਾਂ ਨੂੰ ਜਦੋਂ ਸੱਜ ਧੱਜ ਕੇ ਪੇਸ਼ ਕੀਤਾ ਤਾਂ ਉਸ ਦਾ ਨਜ਼ਾਰ ਵੇਖਿਆ ਹੀ ਬਣਦਾ ਸੀ। ਲੋਕ ਨਾਚ ਦੇ ਸ਼ੁਰੂ ਹੋਣ ਦੇ ਨਾਲ ਹੀ ਆਡੀਟੋਰੀਅਮ ਵਿਚ ਬੈਠੇ ਦਰਸ਼ਕ ਵੀ ਨਾਲੋ ਨਾਲ ਨੱਚ ਰਹੇ ਸਨ ਅਤੇ ਲੱੱਗ ਹੀ ਨਹੀਂ ਰਿਹਾ ਸੀ ਕਿ ਲੋਕ ਨਾਚਾਂ ਦਾ ਕੋਈ ਮੁਕਾਬਲਾ ਹੋ ਰਿਹਾ ਹੈ।
ਦੇਰ ਰਾਤ ਤਕ ਚੱਲਣ ਵਾਲੇ ਲੋਕ ਨਾਚਾਂ ਦੇ ਵਿਚ ਰਾਜਸਥਾਨ ਦਾ ਗੂੰਮਰ, ਉਤਰਖੰਡ ਦਾ ਚਪੇਲੀ ਅਤੇ ਹੋਰ ਨਾਚਾਂ ਤੋਂ ਇਲਾਵਾ ਗਿੱਧਾ ਅਤੇ ਭੰਗੜਾ ਆਦਿ ਨੇ ਦੂਰੋਂ ਦੂਰੋਂ ਆਏ ਵਿਦਿਆਰਥੀਆਂ ਨੂੰ ਆਪਣੀ ਬੁੱਕਲ ਵਿਚ ਲੈ ਕੇ ਨਿੱਘ ਦੇ ਛਡਿਆ।ਇਸ ਤੋਂ ਪਹਿਲਾਂ ਦਸਮੇਸ਼ ਆਡੀਟੋਰੀਅਮ ਵਿਚ ਸਵੇਰ ਤੋਂ ਹੀ ਸਮੂਹ ਗਾਇਨ ਦੀ ਪੇਸ਼ਕਾਰੀ ਹੋਈ ਜਿਸ ਵਿਚ ਵੱਖ ਵੱਖ ਯੂਨੀਵਰਸਿਟੀ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਸੁਰ ਅਤੇ ਤਾਲ ਦੇ ਨਾਲ ਅਜਿਹੀ ਤਾਨ ਦਿੱਤੀ ਕਿ ਦਰਸ਼ਕਾਂ ਨੇ ਵੀ ਉਸ ਦਾ
ਖੂਬ ਆਨੰਦ ਮਾਣਿਆ। ਸਮੂਹ ਗਾਇਨ ਵਿਚ ਜਦੋਂ ਲੋਕ ਗੀਤਾ ਦਾ ਤੜਕਾ ਲਾਇਆ ਤਾਂ ਦਰਸ਼ਕਾਂ ਦੇ ਉਹ ਵੀ ਦਿਲਾਂ ਨੂੰ ਛੂਹ ਗਏ। `ਪਾਣੀ ਝਨਾ ਵਿਚੋਂ ਕਾਂ ਪੀਤਾ ਤੇਰੇ ਵਿਚੋਂ ਰੱਬ ਦਿਸਿਆ ਤੈਨੂ ਸਜਦਾ ਹੀ ਤਾਂ ਕੀਤਾ`, `ਕਾਵਾਂ ਵੇ ਕਾਵਾਂ ਕਿਤੋ ਲੱਭ ਕੇ ਲਿਆ ਸਿਰਨਾਵਾਂ ਜਾਂਦਾ ਹੋਇਆ ਦੱਸ ਨਾ ਗਿਆ ਚਿੱਠੀ ਕਿਹੜੇ ਵਤਨਾਂ ਨੂੰ ਪਾਵਾਂ`, `ਗੱਡੀ ਚਲਦੀ ਖਲੋ ਗਈ ਏ ਜਿਹਦੀ ਤੂੰ ਉਡੀਕ ਕਰਦੀ ਉਹਦੀ ਬਦਲੀ ਹੋ ਗਈ ਏ` ਤੋਂ ਇਲਾਵਾ ਹੋਰ ਵੀ ਕਈ ਲੋਕ ਬੋਲੀਆਂ ਨਾਲ ਜਦੋਂ ਹਾਲ ਗੂੰਜਿਆਂ ਤਾਂ ਦਿਲਾਂ ਵਿਚ ਵੱਸੇ ਗੀਤ ਲੋਕਾਂ ਦੇ ਮੁਖ ਤੋਂ ਵੀ ਸੁਣਾਈ ਦਿੰਦੇ ਰਹੇ।
ਅੱਜ ਪੇਸ਼ਕਾਰੀ ਦੇ ਆਖਰੀ ਦਿਨ ਆਰਕੀਟੈਕਟ ਵਿਭਾਗ ਵਿਚ ਮਹਿੰਦੀ ਅਤੇ ਇੰਸਟਾਲੇਸ਼ਨ ਵਿਚ ਵੀ ਵਿਦਿਆਰਥੀਆਂ ਦੀ ਕਲਾ ਦੇ ਕਈ ਵੱਖਰੇ ਨਮੂਨੇ ਵੇਖਣ ਨੂੰ ਮਿਲੇ। ਵੱਖ ਵੱਖ ਸੂਬਿਆਂ ਵਿਚ ਮਹਿੰਦੀ ਦਾ ਸਭਿਆਚਾਰ ਨੂੰ ਨੌਜੁਆਨ ਮਟਿਆਰਾਂ ਦੀਆਂ ਤਲੀਆਂ ਅਤੇ ਕਲਾਈਆਂ `ਤੇ ਨਿੱਖਰ ਕੇ ਸਾਹਮਣੇ ਆਇਆ ਤਾਂ ਉਸ ਨੇ ਮੁਟਿਆਰਾਂ ਦੇ ਰੂਪ ਨੂੰ ਹੋਰ ਵੀ ਦੂਣ ਸਵਾਇਆ ਕਰ ਦਿੱਤਾ। ਇੰਸਟਾਲੇਸ਼ਨ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਸੀ। ਵਿਦਿਆਰਥੀ ਕਲਾਕਾਰਾਂ ਨੇ ਵਾਧੂ ਵਸਤਾਂ ਨੂੰ ਆਪਣੀ ਹੱਥਾਂ ਦੀ ਕਲਾ ਨਾਲ ਆਜਿਹਾ ਸਜਾਇਆ ਕਿ ਉਨ੍ਹਾਂ ਵਿਚ ਸੰਜੀਵਤਾ ਆ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿਤੇ ਗਏ ਉਪਦੇਸ਼ਾਂ ਨੂੰ ਕਲਾ ਦੇ ਨਾਲ ਪੇਸ਼ ਕਰਕੇ ਵਿਦਿਆਰਥੀਆਂ ਨੇ 35ਵੇਂ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਨੂੰ ਆਪਣੇ ਨਾਲ ਹੀ ਕਰ ਲਿਆ ਲਗਦਾ ਸੀ।
ਇਸ ਤੋਂ ਇਲਾਵਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਲਾਈਟ ਵੋਕਲ ਇੰਡੀਅਨ ਦੇ ਮੁਕਾਬਲੇ ਹੋਏ ਅਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਕੁਇਜ਼ ਮੁਕਾਬਲੇ ਕਰਵਾਏ ਗਏ। ਡੀਨ ਵਿਦਿਆਰਥੀ ਭਲਾਈ, ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਅੱਜ ਸਫਲਤਾ ਪੂਰਵਕ ਸਾਰੇ ਮੁਕਾਬਲੇ ਸੰਪੰਨ ਹੋ ਗਏ ਹਨ। ਹੁਣ ਸਾਰਿਆਂ ਦੀ ਨਜ਼ਰਾਂ `ਤੇ ਇਸ ਗੱਲ `ਤੇ ਟਿਕੀਆਂ ਹੋਈਆਂ ਹਨ ਕਿ ਕਿਸ ਉਤਰੀ ਭਾਰਤ ਦੀ ਯੂਨੀਵਰਸਿਟੀ ਦੇ ਸਿਰ `ਤੇ 35ਵੇਂ ਯੂਵਕ ਮੇਲੇ ਦਾ ਤਾਜ ਪੰਜਾਬ ਦੇ ਉਚੇਰੀ ਸਿਖਿਆ ਮੰਤਰੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਜਾਉਣਾ ਹੈ। ਇਸ ਤੋਂ ਇਲਾਵਾ ਕੱਲ੍ਹ ਬਾਜਵਾ ਵੱਲੋਂ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ, ਭਾਰਤ ਸਰਕਾਰ ਦਾ 1.48 ਐਮ.ਡਬਲਯੂ.ਪੀ. ਗਰਿਡ ਕੁਨੈਕਟਡ ਸੋਲਰ ਰੂਫਟੋਪ ਪ੍ਰੋਜੈਕਟ ਦਾ ਉਦਘਾਟਨ ਭਾਈ ਗੁਰਦਾਸ ਲਾਇਬ੍ਰੇਰੀ ਦੇ ਨਜ਼ਦੀਕ ਅਤੇ ਬੋਟਾਨੀਕਲ ਗਾਰਡਨ ਵਿਖੇ ਗਰੀਨ ਹਾਊਸਜ਼ ਦਾ ਉਦਘਾਟਨ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media