ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਫਾਈ ਕਮਿਸਨ ਭਾਰਤ
ਸਰਕਾਰ ਦੇ ਮੈਂਬਰ ਜਗਦੀਸ਼ ਹੀਰੇਮਾਨੀ ਨੇ ਸਪੱਸ਼ਟ ਕੀਤਾ ਕਿ ਸਫਾਈ ਕਰਮਚਾਰੀਆਂ ਦੀਆਂ ਮੁਸ਼ਿਕਲਾਂ ਦਾ ਪਹਿਲ ਦੇ ਅਧਾਰ ਉਤੇ ਹੱਲ ਕਰਨ।ਉਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਮਿਸ਼ਨ ਬਹੁਤ ਗੰਭੀਰ ਹੈ।ਉਨਾਂ ਕਿਹਾ ਕਿ ਸੀਵਰੇਜ ਦੀ ਸਫਾਈ ਮਸ਼ੀਨਾਂ ਨਾਲ ਹੀ ਕਰਵਾਈ ਜਾਵੇ। ਜੇਕਰ ਕਿਸੇ ਕਾਰਨ ਸਫਾਈ ਲਈ ਕਿਸੇ ਕਰਮਚਾਰੀ ਨੂੰ ਅੰਦਰ ਭੇਜਣ ਦੀ ਲੋੜ ਹੋਵੇ ਤਾਂ ਸਾਰੇ ਸੁਰੱਖਿਆ ਮਾਨਕਾਂ ਨੂੰ ਅਪਨਾਇਆ ਜਾਵੇ। ਉਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਅਦਾਇਗੀਆਂ ਆਨ ਲਾਈਨ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੈਡੀਕਲ ਸੇਵਾਵਾਂ ਵੀ ਦਿੱਤੀਆਂ ਜਾਣ।ਸਫਾਈ ਕਰਮਚਾਰੀਆਂ ਨੂੰ ਹੱਥਾਂ ਉਤੇ ਪਾਉਣ ਲਈ ਦਸਤਾਨੇ, ਮੂੰਹ ਲਈ ਮਾਸਕ, ਯੂਨੀਫਾਰਮ ਆਦਿ ਵੀ ਸਮੇਂ-ਸਮੇਂ ਸਿਰ ਮਹੁੱਈਆ ਕਰਵਾਏ ਜਾਣ, ਤਾਂ ਜੋ ਉਹ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋਣ। ਉਨਾਂ ਕਿਹਾ ਕਿ ਉਹ ਕਮਿਸ਼ਨ ਵੱਲੋਂ ਸਰਕਾਰ ਨੂੰ ਸ਼ਿਫਾਰਸ਼ ਕਰਨਗੇ ਕਿ ਸਫਾਈ ਕਰਮਚਾਰੀਆਂ ਨੂੰ ਸਿਹਤ ਬੀਮਾ ਯੋਜਨਾ ਵਿਚ ਸ਼ਾਮਿਲ ਕੀਤਾ ਜਾਵੇ।
ਜਗਦੀਸ਼ ਨੇ ਕਿਹਾ ਕਿ ਮ੍ਰਿਤਕ ਸਫਾਈ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਤੁਰੰਤ ਦਿੱਤੀ ਜਾਵੇ, ਤਾਂ ਜੋ ਉਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਅਸਾਨੀ ਨਾਲ ਚੱਲਦਾ ਰਹੇ।ਉਨਾਂ ਨੇ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਸਮੇ ਸਿਰ ਦੇਣਾ ਯਕੀਨੀ ਬਨਾਉਣ ਤੇ ਬਣਦੀਆਂ ਤਰੱਕੀਆਂ ਅਤੇ ਮਹਿੰਗਾਈ ਭੱਤੇ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾਲੋ-ਨਾਲ ਦੇਣੇ ਯਕੀਨੀ ਬਨਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ, ਡਿਪਟੀ ਡਾਇਰੈਕਟਰ ਲੋਕਲ ਬਾਡੀ ਰਜਤ ਉਬਰਾਏ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਡੀ.ਐਸ.ਪੀ ਸੋਹਨ ਸਿੰਘ, ਏ.ਸੀ.ਪੀ ਰਿਪੁਤਪਨ ਸਿੰਘ, ਜ਼ਿਲ੍ਹਾ ਭਲਾਈ ਅਫਸਰ ਪਲਵ ਸਰੇਸ਼ਟਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media