ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸ ਦੌਰਾਨ ਮੁੱਖ ਮੰਤਰੀ ਚੁੱਕਣਗੇ ਮੁੱਦਾ
ਚੰਡੀਗੜ, 19 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰੋਨਾ ਵਾਇਰਸ ਕਾਰਨ ਦੇਸ਼ ਵਿਚ ਸਥਿਤੀ ਹੋਰ ਗੰਭੀਰ
ਹੋਣ ਦਾ ਖਦਸ਼ਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਿੱਜੀ ਹਸਪਤਾਲਾਂ ਤੇ ਲੈਬਾਂ ਨੂੰ ਇਸ ਵਾਇਰਸ ਦੀ ਜਾਂਚ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਸ਼ੱਕੀ ਮਾਮਲਿਆਂ ਵਿੱਚ ਜਾਂਚ ਕਰਵਾਉਣ ਲਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।ਜ਼ਿਕਰਯੋਗ ਹੈ ਕਿ ਇਸ ਵਾਇਰਸ ਨਾਲ ਪੰਜਾਬ ਅੰਦਰ ਅੱਜ ਇਕ ਵਿਅਕਤੀ ਦੀ ਮੌਤ ਹੋ ਗਈ ਹੈ।
ਇਸ ਖਤਰਨਾਕ ਵਾਇਰਸ ਵਿਰੁੱਧ ਜੰਗੀ ਪੱੱਧਰ `ਤੇ ਲੜਾਈ ਛੇੜਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਹਸਪਤਾਲਾਂ ਤੇ ਲੈਬਾਂ ਨੂੰ ਕਰੋਨਾ ਵਾਇਰਸ ਦੀ ਜਾਂਚ ਦੀ ਇਜਾਜ਼ਤ ਦੇਣ ਸਬੰਧੀ ਮਸਲਾ ਕੱਲ ਪ੍ਰਧਾਨ ਮੰਤਰੀ ਵਲੋਂ ਸਾਰੇ ਮੁੱਖ ਮੰਤਰੀਆਂ ਨਾਲ ਹੋਣ ਵਾਲੀ ਵੀਡੀਓ ਕਾਨਫਰੰਸ ਦਰਮਿਆਨ ਚੁੱਕਣਗੇ।
ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਸਬੰਧੀ ਇਕ ਸੰਮੇਲਨ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ ਸਾਰੇ ਵੱਡੇ ਸ਼ਹਿਰਾਂ ਤੇ ਕਸਬਿਆਂ ਅੰਦਰ ਨਿੱੱਜੀ ਲੈਬਾਂ ਹਨ, ਜਿਸ ਕਰਕੇ ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਕਰੋਨਾ ਨਾਲ ਪ੍ਰਭਾਵਿਤ ਕਿਸੇ ਸ਼ੱਕੀ ਵਿਅਕਤੀ ਨੂੰ ਆਪਣੀ ਜਾਂਚ ਲਈ ਚੰਡੀਗੜ ਜਾਂ ਕਿਸੇ ਹੋਰ ਥਾਂ `ਤੇ ਜਾਣਾ ਪਵੇ।
ਉਨਾਂ ਕਿਹਾ ਕਿ ਉਹ ਬਹੁਤ ਆਸ਼ਾਵਾਦੀ ਵਿਅਕਤੀ ਹਨ, ਪਰ ਜਿਸ ਤਰੀਕੇ ਨਾਲ ਸਾਰੇ ਵਿਸ਼ਵ ਵਿਚ ਕਰੋਨਾ ਵਾਇਰਸ ਨੇ ਪੈਰ ਪਸਾਰੇ ਹਨ, ਉਸ ਅਨੁਸਾਰ ਭਾਰਤ ਨੂੰ ਔਖੇ ਸਮੇਂ ਲਈ ਪੂਰੀ ਤਰਾਂ ਤਿਆਰ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਹ ਵਾਇਰਸ ਅਜੇ ਭਾਰਤ ਵਿਚ ਦਾਖਲ ਹੋਇਆ ਹੈ, ਪਰ ਦੂਜੇ ਦੇਸ਼ਾਂ ਵਿਚ ਇਸਦੇ ਫੈਲਾਅ ਦੇ ਪੈਮਾਨੇ ਦੇ ਮੱਦੇਨਜ਼ਰ ਇਸ ਹੋਰ ਤੇਜ਼ੀ ਨਾਲ ਪਸਾਰ ਦਾ ਅੰਦੇਸ਼ਾ ਹੈ।
ਮੁੱਖ ਮੰਤਰੀ ਵਲੋਂ ਪੰਜਾਬ ਦੇ ਇਕ 70 ਸਾਲਾ ਵਿਅਕਤੀ, ਜੋ ਕਿ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ 7 ਮਾਰਚ ਨੂੰ ਭਾਰਤ ਪੁੱਜਾ ਸੀ, ਦੀ ਕਰੋਨਾ ਵਾਇਰਸ ਕਾਰਨ ਮੌਤ ਤੋਂ ਬਾਅਦ ਨਿੱਜੀ ਲੈਬਾਂ ਰਾਹੀਂ ਟੈਸਟਿੰਗ ਦੀ ਇਜ਼ਾਜ਼ਤ ਦੇਣ ਦੀ ਮੰਗ ਉਠਾਈ ਗਈ ਹੈ।ਮ੍ਰਿਤਕ ਵਿਅਕਤੀ ਸ਼ੂਗਰ ਤੇ ਉੱਚ ਤਣਾਅ ਤੋਂ ਪੀੜਤ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਹੀ ਉਸ ਦੇ ਕਰੋਨਾ ਵਾਇਰਸ ਤੋਂ ਪੀੜਤ ਹੋਣ ਬਾਰੇ ਪਤਾ ਲੱਗਾ ਹੈ।
ਕਰੋਨਾ ਵਾਇਰਸ ਦੀ ਰੋਕਥਾਮ ਲਈ ਹੋਰ ਗੰਭੀਰ ਤੇ ਸਖਤ ਕਦਮ ਚੁੱਕਣ ਦੀ ਲੋੜ `ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਨੇਕਾਂ ਇਹਤਿਆਤੀ ਫੈਸਲੈ ਲਏ ਗਏ ਹਨ।ਉਨਾਂ ਕਿਹਾ ਕਿ ਸੂਬੇ ਵਿਚ ਕਮਜ਼ੋਰ ਵਿੱਤੀ ਹਾਲਤ ਨੂੰ ਕਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਸਿਹਤ ਜਾਂਚ, ਇਕਾਂਤ `ਚ ਰੱਖਣ ਅਤੇ ਇਲਾਜ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਗੁਰਦੁਆਰਾ ਸਾਹਿਬਾਨਾਂ ਤੇ ਹੋਰ ਧਾਰਮਿਕ ਸਥਾਨਾਂ ‘ਤੇ ਇਕੱਠਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਦੀ ਧਾਰਮਿਕ ਸੰਸਥਾਵਾਂ/ਆਗੂਆਂ ਨੂੰ ਅਪੀਲ ਕਰ ਚੁੱਕੇ ਹਨ ਇਸ ਥਾਂ `ਤੇ 50 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਨਾ ਕੀਤਾ ਜਾਵੇ।ਉਨਾਂ ਆਸ ਜਤਾਈ ਕਿ ਸਾਰੇ ਧਾਰਮਿਕ ਆਗੂ ਮਨੁੱਖਤਾ ਦੀ ਖਾਤਰ ਇਸ ਫੈਸਲੇ ਨਾਲ ਸਹਿਮਤੀ ਜਤਾਉਂਦੇ ਹੋਏ ਇਸਦੀ ਪਾਲਣਾ ਕਰਨਗੇ।
Punjab Post Daily Online Newspaper & Print Media