ਪੁਲਿਸ ਮੈਡਲ ਪਾਉਣ ਵਾਲੇ ਸੂਬੇ ਦੇ ਪਹਿਲੇ ਡਾਕਟਰ ਬਣੇ ਡਾ. ਰਣਜੀਤ ਸਿੰਘ ਰਾਏ
ਭੀਖੀ, 23 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਜ਼ਿਲ੍ਹੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦੇ ਸੈਂਕੜੇ ਸ਼ੱਕੀ ਮਰੀਜ਼ਾਂ ਦੀ
ਸੈਂਪਲਿੰਗ ਵਿੱਚੋਂ 11 ਵਿਅਕਤੀ ਪਾਜ਼ਿਟੀਵ ਵੀ ਪਾਏ ਗਏ ਹਨ।ਮਾਨਸਾ ਜ਼ਿਲ੍ਹੇ ਦੇ ਕੰਨ, ਨੱਕ ਅਤੇ ਗਲੇ ਦੇ ਮਾਹਿਰ ਡਾਕਟਰ ਰਣਜੀਤ ਸਿੰਘ ਰਾਏ (ਵਾਧੂ ਚਾਰਜ ਡਿਪਟੀ ਮੈਡੀਕਲ ਕਮਿਸ਼ਨਰ) ਨੂੰ ਡੀ.ਜੀ.ਪੀ ਆਨਰ ਐਂਡ ਡਿਸਕ (ਪੁਲਿਸ ਮੈਡਲ) ਲਈ ਚੁਣਿਆ ਗਿਆ ਹੈ।ਡਾ. ਰਾਏ ਪੁਲਿਸ ਲਾਈਨ ਮਾਨਸਾ ਵਿਖੇ ਵੀ ਆਪਣੀਆਂ ਮੈਡੀਕਲ ਸੇਵਾਵਾਂ ਨਿਭਾਅ ਰਹੇ ਹਨ।ਜਿਕਰਯੋਗ ਹੈ ਕਿ ਡਾ. ਰਣਜੀਤ ਸਿੰਘ ਰਾਏ ਪੰਜਾਬ ਦੇ ਪਹਿਲੇ ਡਾਕਟਰ ਹਨ, ਜਿਨ੍ਹਾ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਇਨ੍ਹਾਂ ਤੋਂ ਇਲਾਵਾ ਚੰਡੀਗੜ੍ਹ ਦੀ ਪੀ.ਜੀ.ਆਈ ਦੀ ਡਾਕਟਰਾਂ ਦੀ ਟੀਮ, ਜਿਸ ਨੇ ਪੁਲਿਸ ਮੁਲਾਜ਼ਮ ਦੇ ਹੱਥ ਦੀ ਪਲਾਸਟਿਕ ਸਰਜਰੀ ਕੀਤੀ ਸੀ, ਉਨ੍ਹਾਂ ਨੂੰ ਇਹ ਅਵਾਰਡ ਦਿੱਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਡਾ. ਰਣਜੀਤ ਸਿੰਘ ਰਾਏ ਵਲੋਂ ਕੀਤੇ ਜਾ ਰਹੇ ਕੰਮਾਂ ਲਈ ਵਧਾਈ ਦਿੱਤੀ।ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਸੈਂਪਲਿੰਗ ਕਰਨਾ ਇੱਕ ਬਹੁਤ ਹੀ ਚੁਣੋਤੀਪੂਰਨ ਕੰਮ ਹੈ।ਡਾ. ਰਾਏ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਮਾਨਸਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਸਭ ਤੋਂ ਪਹਿਲਾਂ ਸ਼ੁਰੂ ਕੀਤੀ।ਉਨ੍ਹਾਂ ਕਿਹਾ ਕਿ ਡਾ. ਰਾਏ ਪੁਲਿਸ ਵਿਭਾਗ ਤੋਂ ਡਾਕਟਰ ਹਨ ਅਤੇ ਮਾਨਸਾ ਪੁਲਿਸ ਵਲੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਸਿਫਾਰਿਸ਼ ‘ਤੇ ਡੀ.ਜੀ.ਪੀ ਨੇ ਇਨ੍ਹਾਂ ਦੀ ਸ਼ਨਾਖ਼ਤ ਕੀਤੀ ਹੈ।
ਇਸੇ ਦੌਰਾਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਸਾਰੇ ਕੰਮ ਵਿੱਚ ਉਨ੍ਹਾਂ ਨੂੰ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ, ਪੁਲਿਸ ਪ੍ਰਸ਼ਾਸਨ ਵਲੋਂ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਅਤੇ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਦਾ ਪੂਰਨ ਸਹਿਯੋਗ ਰਿਹਾ ਹੈ, ਜਿਸ ਦੀ ਬਦੌਲਤ ਉਹ ਸਫਲਤਾ ਪੂਰਵਕ ਇਸ ਕੰਮ ਨੂੰ ਨੇਪਰੇ ਚਾੜ੍ਹ ਰਹੇ ਹਨ।ਉਨ੍ਹਾਂ ਨਾਲ ਹੀ ਕਿਹਾ ਕਿ ਐਸ.ਡੀ.ਐਮ ਬੁਢਲਾਡਾ ਆਦਿਤਯ ਡੇਚਲਵਾਲ ਵਲੋਂ ਵੀ ਉਨ੍ਹਾਂ ਨੂੰ ਬਹੁਤ ਹੀ ਵਧੀਆ ਸਹਿਯੋਗ ਮਿਲਿਆ ਹੈ, ਜਿਸ ਕਾਰਨ ਬੁਢਲਾਡਾ ‘ਚ 11 ਕੋਰੋਨਾ ਪਾਜ਼ਟਿਵ ਵਿਅਕਤੀ ਪਾਏ ਗਏ ਵਿਅਕਤੀਆਂ ਨੂੰ ਕੋਈ ਦਿੱਕਤ ਨਹੀਂ ਆਈ।
ਡਾ. ਰਾਏ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ `ਤੇ 50 ਦੇ ਕਰੀਬ ਜਾਗਰੂਕਤਾ ਕੈਂਪ ਲਗਾਏ ਗਏ।ਜਾਗਰੂਕਤਾ ਟੀਮ ਵਿੱਚ ਜ਼ਿਲ੍ਹਾ ਐਪੀਡਿਮਾਲੋਜਿਸਟ ਸੰਤੋਸ਼ ਭਾਰਤੀ, ਏ.ਐਸ.ਆਈ ਬਲਵੰਤ ਸਿੰਘ ਭੀਖੀ ਅਤੇ ਗੁਰਲਾਭ ਸਿੰਘ ਮਾਹਲ ਸ਼ਾਮਿਲ ਸਨ।
ਉਨਾਂ ਕਿਹਾ ਕਿ 2 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਮਾਨਸਾ ਜ਼ਿਲ੍ਹੇ ਵਿਖੇ ਕਰੀਬ 280 ਵਿਅਕਤੀਆਂ ਦੇ ਸੈਂਪਲ ਇੱਕਤਰ ਕਰ ਚੁੱਕੇ ਹਨ।ਇਨ੍ਹਾਂ ਵਿੱਚੋਂ 11 ਸੈਂਪਲ ਕੋਰੋਨਾ ਪਾਜ਼ਿਟੀਵ ਆਏ ਸਨ ਅਤੇ ਬਾਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।ਉਨ੍ਹਾਂ ਦੱਸਿਆ ਕਿ ਸੈਂਪਲ ਇਕੱਤਰ ਕਰਨ ਦੇ ਕੰਮ ਵਿੱਚ ਡਾ. ਅਰਸ਼ਦੀਪ ਅਤੇ ਡਾ. ਵਿਸ਼ਵਦੀਪ ਸਿੰਘ ਉਨ੍ਹਾਂ ਦੀ ਟੀਮ ਵਿੱਚ ਸ਼ਾਮਿਲ ਹਨ। ਇਹ ਜ਼ਿਲ੍ਹੇ ‘ਚ ਇਕਲੌਤੀ ਟੀਮ ਹੈ ਜੋ ਕੋਰੋਨਾ ਵਾਇਰਸ ਸਬੰਧੀ ਸੈਂਪਲ ਇਕੱਤਰ ਕਰ ਰਹੀ ਹੈ।
Punjab Post Daily Online Newspaper & Print Media