ਸਟਾਫ 50 ਫੀਸਦੀ ਹੀ ਰੱਖਣਾ ਤੇ ਹੋਰ ਸਾਵਧਾਨੀਆਂ ਵਰਤਣੀਆਂ ਲਾਜ਼ਮੀ
ਬਟਾਲਾ, 2 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਨਾਬ ਮੁਹੰਮਦ
ਇਸ਼ਫਾਕ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਸ਼ਾਪਜ਼ ਐਂਡ ਐਸਟੇਬਲਿਸ਼ਮੈਂਟ ਐਕਟ 1958 ਤਹਿਤ ਸਵੇਰੇ 7 ਤੋਂ 11 ਵਜੇ ਤੱਕ ਦੁਕਾਨਾਂ ਖੋਲ੍ਹਣ ਸਬੰਧੀ ਕੁੱਝ ਸ਼ਰਤਾਂ ’ਤੇ ਹੁਕਮ ਜਾਰੀ ਕੀਤੇ ਗਏ ਹਨ।
ਇਨ੍ਹਾਂ ਹੁਕਮਾਂ ਵਿੱਚ ਆਖਿਆ ਗਿਆ ਹੈ ਕਿ ਪੇਂਡੂ ਖੇਤਰਾਂ ਵਿਚ ਸ਼ਾਪਜ਼ ਐਂਡ ਐਸਟੇਬਲਿਸ਼ਮੈਂਟ ਐਕਟ ਅਧੀਨ ਸਾਰੀਆਂ ਦੁਕਾਨਾਂ 50 ਫੀਸਦੀ ਸਟਾਫ ਨਾਲ ਸਵੇਰੇ 7 ਤੋਂ 11 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ, ਜਦੋਂਕਿ ਸ਼ਹਿਰੀ ਖੇਤਰਾਂ (ਮਿਉਂਸਿਪਲ ਲਿਮਿਟ ਅਧੀਨ) ਇਕੱਲੀਆਂ ਕਹਿਰੀਆਂ (ਸਟੈਂਡ ਅਲੋਨ) ਦੁਕਾਨਾਂ, ਨੇਬਰਹੁਡ ਦੁਕਾਨਾਂ ਤੇ ਰਿਹਾਇਸ਼ੀ ਕੰਪਲੈਕਸ ਵਾਲੀਆਂ ਦੁਕਾਨਾਂ ਹੀ 50 ਫੀਸਦੀ ਸਟਾਫ ਨਾਲ ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਖੋਲ੍ਹੀਆਂ ਜਾ ਸਕਦੀਆਂ ਹਨ।
ਐਸ.ਡੀ.ਐਮ ਬਟਾਲਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਆਮ ਲੋਕਾਂ ਨੂੰ 7 ਤੋਂ 11 ਵਜੇ ਤੱਕ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਦੀ ਹੀ ਇਜਾਜ਼ਤ ਹੈ।ਇਸ ਦੌਰਾਨ ਮਾਸਕ, ਦਸਤਾਨੇ ਆਦਿ ਪਾਉਣ ਅਤੇ ਹੋਰ ਇਹਤਿਆਤਾਂ ਦਾ ਪੂਰਾ ਖਿਆਲ ਰੱਖਿਆ ਜਾਵੇ।ਸਮਾਜਿਕ ਦੂਰੀ ਦੀ ਪਾਲਣਾ ਵੀ ਜ਼ਰੂਰੀ ਹੈ। ਬੇਕਰੀ, ਮਠਿਆਈ, ਕਨਫੈਕਸ਼ਨਰੀ ਆਦਿ ਦੁਕਾਨਾਂ ’ਤੇ ਬੈਠ ਕੇ ਖਾਣਾ ਸਖਤ ਮਨ੍ਹਾ ਹੈ, ਸਿਰਫ ਪੈਕ ਕਰਵਾ ਕੇ ਲਿਜਾਣ ਦੀ ਹੀ ਇਜਾਜ਼ਤ ਹੈ।ਉਨ੍ਹਾਂ ਕਿਹਾ ਕਿ ਦੁਕਾਨਦਾਰ ਵੀ ਵਸਤਾਂ ਦੀ ਹੋਮ ਡਿਲਿਵਰੀ ਨੂੰ ਹੀ ਤਰਜੀਹ ਦੇਣ।ਦੁਕਾਨਦਾਰ ਦੁਕਾਨਾਂ ’ਤੇ ਗਾਹਕਾਂ ਤੇ ਸਟਾਫ ਵਿਚਾਲੇ ਘੱਟੋ ਘੱਟ ਇਕ ਮੀਟਰ ਦਾ ਫਾਸਲਾ ਯਕੀਨੀ ਬਣਾਉਣਗੇ।ਦੁਕਾਨਦਾਰ ਇਹ ਵੀ ਯਕੀਨੀ ਬਣਾਉਣਗੇ ਕਿ ਗਾਹਕਾਂ ਦੇ ਮਾਸਕ ਲਾਜ਼ਮੀ ਪਾਇਆ ਹੋਵੇ।ਦੁਕਾਨਦਾਰ ਦੁਕਾਨਾਂ ਵਿਚ ਸੈਨੇਟਾਈਜ਼ਰ ਰੱਖਣਾ ਅਤੇ ਆਪਣੇ, ਸਟਾਫ ਤੇ ਗਾਹਕਾਂ ਦੇ ਹੱਥ ਸੈਨੇਟਾਈਜ਼ ਕਰਨੇ ਯਕੀਨੀ ਬਣਾਉਣਗੇ।ਗਾਹਕ ਦੁਕਾਨਾਂ ਵਿੱਚ ਉਨ੍ਹਾਂ ਚੀਜ਼ਾਂ ਨੂੰ ਹੱਥ ਲਾਉਣ ਤੋਂ ਗੁਰੇਜ਼ ਕਰਨ, ਜਿਨ੍ਹਾਂ ਦੀ ਲੋੜ ਨਹੀਂ।ਦੁਕਾਨਦਾਰ ਅਤੇ ਗਾਹਕ ਨਕਦੀ ਦੀ ਬਜ਼ਾਏ ਡਿਜ਼ੀਟਲ ਪੇਮੈਂਟ ਨੂੰ ਤਰਜ਼ੀਹ ਦੇਣ ਅਤੇ ਲੈਣ-ਦੇਣ ਮਗਰੋਂ ਗਾਹਕ ਅਤੇ ਦੁਕਾਨਦਾਰ ਹੱਥ ਸੈਨੇਟਾਈਜ਼ ਕਰਨੇ ਯਕੀਨੀ ਬਣਾਉਣ।ਗਾਹਕ ਆਪਣੇ ਘਰਾਂ ਤੋਂ ਕੈਰੀ ਬੈਗ ਲਿਜਾਣ ਨੂੰ ਤਰਜ਼ੀਹ ਦੇਣ ਅਤੇ ਕੱਪੜੇ ਦੇ ਬੈਗ ਗਰਮ ਪਾਣੀ ਨਾਲ ਧੋਤੇ ਜਾਣ।ਕੋਵਿਡ 19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ, ਅਜਿਹਾ ਨਾ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ, ਤੰਬਾਕੂ ਦੀ ਵਿਕਰੀ, ਸੈਲੂਨ, ਹਜ਼ਾਮਤ ਦੀਆਂ ਦੁਕਾਨਾਂ, ਬਿਊਟੀ ਪਾਰਲਰ, ਸਾਰੇ ਵਿਦਿਅਕ ਅਦਾਰੇ, ਟਰੇਨਿੰਗ, ਕੋਚਿੰਗ ਇੰਸਟੀਚਿਊਟ, ਆਈਲੈਟਸ ਇੰਸਟੀਚਿਊਟ, ਹਾਸਪੀਟੈਲਿਟੀ ਸੇਵਾਵਾਂ, ਸਾਪਿੰਗ ਮਾਲਜ਼, ਸਾਰੇ ਸਿਨੇਮਾ ਹਾਲ, ਜਿੰਮ, ਸਪੋਰਟਸ ਕੰਪਲੈਕਸ, ਸਵਿੰਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਰੈਸਟੋਰੈਂਟ, ਅਸੈਂਬਲੀ ਹਾਲ ਤੇ ਹੋਰ ਸਬੰਧਤ ਥਾਵਾਂ, ਸਾਰੇ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ, ਖੇਡ, ਮਨੋਰੰਜਕ, ਵਿਦਿਅਕ, ਸੱਭਿਆਚਾਰਕ, ਧਾਰਮਿਕ ਸਮਾਗਮ ਤੇ ਹੋਰ ਇਕੱਠਾਂ ’ਤੇ ਪਾਬੰਦੀ ਰਹੇਗੀ।
Punjab Post Daily Online Newspaper & Print Media