ਕਿਹਾ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਅੰਮ੍ਰਿਤਸਰ ਤੇ ਤਰਨਤਾਰਨ ਨਾਲ ਜੁੜਨਾ ਅਹਿਮ
ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰ ਸਰਕਾਰ ਦੀ ਭਾਰਤ ਮਾਲਾ ਪਰਿਯੋਜਨਾ ਤਹਿਤ ਬਨਣ ਵਾਲੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਪ੍ਰੋਜੈਕਟ ਦੀ ਤਜ਼ਵੀਜ ਦੌਰਾਨ ਸਿੱਖਾਂ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਤੇ ਇਤਿਹਾਸਿਕ ਤੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਨੂੰ ਬਾਹਰ ਕਰਨ ਨੂੰ ਲੈ ਕੇ ਚੱਲ ਰਹੀਆਂ ਕਿਆਸ ਅਰਾਈਆਂ ਦਰਮਿਆਨ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੇ ਜਸਬੀਰ ਸਿੰਘ ਗਿੱਲ ਡਿੰਪਾ ਮੈਂਬਰ ਪਾਰਲੀਮੈਂਟ ਤਰਨਤਾਰਨ ਨੇ ਪ੍ਰੈਸ ਮਿਲਣੀ ਦੌਰਾਨ ਪ੍ਰੋਜੈਕਟ ਪ੍ਰਾਪਤੀ ਲਈ ਸੰਸਦ ਦੇ ਅੰਦਰ ਤੇ ਬਾਹਰ ਨਿਰਣਾਇਕ ਲੜਾਈ ਲੜਨ ਦਾ ਐਲਾਨ ਕੀਤਾ।
ਔਜਲਾ ਐਸਟੇਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿੰਪਾ ਤੇ ਔਜਲਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਦਿੱਲੀ ਤੋਂ ਅੰਮ੍ਰਿਤਸਰ ਤੱਕ ਐਕਸਪ੍ਰੈਸ ਵੇਅ ਬਨਣ ਦਾ ਪ੍ਰਸਤਾਵ ਸੀ। ਜਿਸ ਦਾ ਬਾਅਦ ਵਿੱਚ ਕਟੜਾ ਤੱਕ ਵਿਸਥਾਰ ਕੀਤਾ ਗਿਆ ਸੀ।ਪਰ ਦਿੱਲੀ ਦੇ ਏ.ਸੀ ਦਫਤਰਾਂ ਅੰਦਰ ਰਹਿਣ ਵਾਲੇ ਕੁੱਝ ਲੋਕਾਂ ਨੇ ਸਾਜਿਸ਼ ਤਹਿਤ ਇਸ ਪ੍ਰੋਜੈਕਟ ਵਿਚੋਂ ਅੰਮ੍ਰਿਤਸਰ-ਤਰਨਤਾਰਨ ਨੂੰ ਲਾਂਭੇ ਕਰ ਦਿੱਤਾ।ਜਦਕਿ ਸਰਹੱਦੀ ਜ਼ਿਲਿਆਂ ਲਈ ਇਹ ਪ੍ਰੋਜੈਕਟ ਆਰਥਿਕ ਤੇ ਸੁਰੱਖਿਆ ਪੱਖੋਂ ਕਾਫੀ ਅਹਿਮ ਹੈ।ਉਨ੍ਹਾਂ ਦੱਸਿਆ ਕਿ ਮਾਝੇ ਦੀ ਧਰਤੀ ਤੇ ਸਿੱਖ ਧਰਮ ਦਾ ਸ੍ਰੀ ਦਰਬਾਰ ਸਾਹਿਬ (ਗੋਲਡਨ ਟੈਂਪਲ), ਇਤਿਹਾਸਿਕ ਰਾਮ ਤੀਰਥ ਮੰਦਿਰ, ਦੁਰਗਿਆਣਾ ਮੰਦਿਰ ਦੇ ਨਾਲ ਨਾਲ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨ ਪੈਂਦੇ ਹਨ, ਟੂਰਿਸਟ ਪੱਖੋਂ ਅਹਿਮ ਸਮਝੇ ਜਾਂਦੇ ਹਰੀਕੇ, ਕਾਂਜਲੀ ਤੇ ਕੇਸੋਪੁਰ ਵੈੱਟਲੈਂਡ ਵੀ ਤਜਵੀਜਸ਼ੁਦਾ ਯੋਜਨਾ ਵਿੱਚ ਗੁਲਾਬੀ ਰੰਗ ਨਾਲ ਦਰਸਾਏ ਰਸਤੇ ਨਾਲ ਜੁੜਦੇ ਸਨ, ਜਿਸ ਨਾਲ ਸਰਹੱਦੀ ਖੇਤਰ ਦੇ ਜ਼ਿਲਿਆਂ ਅੰਮ੍ਰਿਤਸਰ-ਤਰਨਤਾਰਨ ਲਈ ਟੂਰਿਸਟ ਦੀ ਆਮਦ ਵਿੱਚ ਭਾਰੀ ਵਾਧਾ ਹੋਣਾ ਸੀ ਤੇ ਪੰਜਾਬ ਦੇ ਨਾਲ ਨਾਲ ਦੇਸ਼ ਦੀ ਜੀ.ਡੀ.ਪੀ ਨੇ ਵੀ ਉਚਾਈ ਨੂੰ ਛੂਹਣਾ ਸੀ।ਪਰ ਕਿਸੇ ਸਾਜਿਸ਼ ਤਹਿਤ ਇਸ ਪ੍ਰਜੈਕਟ ਵਿਚੋਂ ਦੋਹਾਂ ਜ਼ਿਲਿਆਂ ਨੂੰ ਲਾਂਭੇ ਕਰਕੇ ਕੇਂਦਰ ਸਰਕਾਰ ਦੀ ਭਾਰਤਮਾਲਾ ਯੋਜਨਾ ਦੇ ਸਿਧਾਂਤ ਦੇ ਖਿਲਾਫ ਕੰਮ ਕੀਤਾ ਗਿਆ ਹੈ। ਜਿਸ ਦਾ ਮੁੱਖ ਮਕਸਦ ਸਰਹੱਦੀ ਤੇ ਪੋਸਟਲ ਖੇਤਰਾਂ ਨੂੰ ਮੁੱਖ ਰਾਜ ਮਾਰਗਾਂ ਨਾਲ ਜੋੜਨਾ ਹੈ।
ਦੋਹਾਂ ਆਗੂਆਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਦਿਤੇ ਬਿਆਨ ਕਿ ਇਹ ਪ੍ਰੋਜੈਕਟ ਅੰਮ੍ਰਿਤਸਰ ਨੂੰ ਨਾਲ ਜੋੜੇਗਾ ਦੇ ਸੰਬੰਧੀ ਬੋਲਦਿਆਂ ਔਜਲਾ ਤੇ ਡਿੰਪਾ ਨੇ ਦੱਸਿਆ ਕਿ ਜੋ ਤਜ਼ਵੀਜ ਬੀਬਾ ਬਾਦਲ ਦੇ ਰਹੇ ਹਨ।ਉਸ ਹਿਸਾਬ ਨਾਲ ਇਹ ਪ੍ਰੋਜੈਕਟ ਬਿਲਕੁੱਲ ਮੰਜੂਰ ਨਹੀਂ ਹੈ, ਬਲਕਿ ਇਹ ਐਕਸਪ੍ਰੈਸ ਵੇਅ ਦਿੱਲੀ ਤੋਂ ਸਿੱਧਾ ਅੰਮ੍ਰਿਤਸਰ ਹੀ ਮੰਜੂਰ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਪ੍ਰੋਜੈਕਟ ਸੱਜੇ-ਖੱਬੇ ਹੁੰਦਾ ਹੈ ਤਾਂ ਇਸ ਲਈ ਗੁੰਮਰਾਹਕੁੰਨ ਬਿਆਨ ਦੇਣ ਵਾਲਾ ਬਾਦਲ ਪਰਿਵਾਰ ਜਿੰਮੇਂਵਾਰ ਹੋਵੇਗਾ।
ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ‘ਤੇ ਦੁਬਾਰਾ ਨਜ਼ਰਸਾਨੀ ਕਰਕੇ ਇਸ ਪ੍ਰੋਜੈਕਟ ਨੂੰ ਹਿੰਦ ਦੀ ਚਾਦਰ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਜਾਵੇ ਤੇ ਗੁਲਾਬੀ ਲਾਈਨ ਤਹਿਤ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਜਾਵੇ ਜੋ ਗੁਰੂ ਸਾਹਿਬਾਨ ਦੇ ਭਗਤੀ ਸਥਾਨ ਬਾਬਾ ਬਕਾਲਾ ਸਾਹਿਬ ਨੂੰ ਜੋੜਦਾ ਹੋਇਆ ਅੱਗੇ ਵਧਦਾ ਹੈ।ਦੋਹਾਂ ਆਗੂਆਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਗੁਲਾਬੀ ਰੰਗ ਨਾਲ ਦਰਸਾਏ ਮਾਰਗ ਅਨੁਸਾਰ ਬਨਣ ਨਾਲ ਗੁਆਂਢੀ ਮੁਲਕ ਨਾਲ ਤਨਾਅਪੂਰਨ ਰਿਸ਼ਤਿਆਂ ਦਰਮਿਆਨ ਸੁਰੱਖਿਆ ਪੱਖੋਂ ਤੇ ਮਾਹੌਲ ਸਹੀ ਹੋਣ ਤੇ ਦੱਖਣੀ ਤੇ ਮੱਧ ਏਸ਼ੀਆ ਨਾਲ ਵਪਾਰਿਕ ਪੱਖੋਂ ਕਾਫੀ ਅਹਿਮ ਸਾਬਤ ਹੋਵੇਗਾ।ਔਜਲਾ ਤੇ ਡਿੰਪਾ ਨੇ ਸਾਂਝੇ ਤੌਰ ‘ਤੇ ਐਲਾਨ ਕੀਤਾ ਕਿ ਉਨਾਂ ਵਲੋਂ ਇਸ ਜਿਆਦਤੀ ਖਿਲਾਫ ਨਿਰਣਾਇਕ ਲੜਾਈ ਨੂੰ ਸੰਸਦ ਦੇ ਅੰਦਰ ਤੇ ਬਾਹਰ ਲੜਿਆ ਜਾਵੇਗਾ।ਉਨ੍ਹਾਂ ਨੇ ਸੂਬੇ ਦੀਆਂ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਰਾਜਨੀਤਿਕ ਮਤਭੇਦਾਂ ਨੂੰ ਪਾਸੇ ਰੱਖਕੇ ਗੁਰੂ-ਨਗਰੀ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ ਇਕ ਪਲੇਟਫਾਰਮ ਤੇ ਸੰਘਰਸ਼ ਲੜਨ ਦੀ ਅਪੀਲ ਕੀਤੀ ਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਿਤ ਆਗੂ ਵਲੋਂ ਇਸ ਸੰਘਰਸ਼ ਦੀ ਅਗਵਾਈ ਕਰਨ ਤੇ ਉਨਾਂ੍ਹ ਦੇ ਪਿਛੇ ਨੰਗੇ ਪੈਰ ਚੱਲਣ ਦਾ ਐਲਾਨ ਕੀਤਾ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …