Wednesday, April 1, 2026

ਮੈਟ ’ਤੇ ਪਨੀਰੀ ਬੀਜਣ ਲਈ ਕਿਸਾਨ ਵੱਲੋਂ ਬਣਾਈ ਨਵੀਂ ਮਸ਼ੀਨ ਦਾ ਸਫਲ ਪ੍ਰਦਰਸ਼ਨ

ਉਦਮੀ ਕਿਸਾਨ ਨੇ ਝੋਨੇ ਦੀ ਲਵਾਈ ਲਈ ਬਣਾਈ ਮਸ਼ੀਨ

ਕਪੂਰਥਲਾ, 22 ਮਈ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਂਮਾਰੀ ਦੇ ਸਮੇਂ ਜਦ ਹਰ ਕੋਈ ਲੇਬਰ ਦੀ ਸਮੱਸਿਆ ਬਾਰੇ ਸੋਚ ਰਿਹਾ ਹੈ, ਤਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਾਨੋ ਮੱਲ੍ਹੀਆਂ ਦੇ ਉੱਦਮੀ ਕਿਸਾਨ ਜਗਤਾਰ ਸਿੰਘ ਜੱਗਾ ਨੇ ਪੈਡੀ ਟਰਾਂਸਪਲਾਂਟਰ ਮਸ਼ੀਨ ਲਈ ਮੈਟ ’ਤੇ ਪਨੀਰੀ ਬੀਜਣ ਲਈ ਇਕ ਨਵੀਂ ਮਸ਼ੀਨ ਤਿਆਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਕਿਸਾਨ ਨੇ ਦੱਸਿਆ ਕਿ ਇਹ ਮਸ਼ੀਨ ਟਰੈਕਟਰ ਨਾਲ ਚੱਲਦੀ ਹੈ ਅਤੇ ਇਕੋ ਵੇਲੇ ਪੰਜ ਕੰਮ ਕਰਦੀ ਹੈ, ਭਾਵ ਪਲਾਸਟਿਕ ਦੀ ਸ਼ੀਟ ਵਿਛਾਉਣਾ, ਛਾਣੀ ਹੋਈ ਮਿੱਟੀ ਨੂੰ ਸ਼ੀਟ ’ਤੇ ਪਾਉਣਾ, ਪਾਣੀ ਨਾਲ ਮਿੱਟੀ ਨੂੰ ਗਿੱਲਾ ਕਰਨਾ ਤਾਂ ਕਿ ਬੀਜ਼ ਲਈ ਬੈਡ ਤਿਆਰ ਹੋ ਸਕੇ, ਫਿਰ ਇਸ ਬੈਡ ’ਤੇ ਬੀਜ਼ ਪਾਉਣਾ ਤੇ ਅਖੀਰ ਵਿਚ ਬੈਡ ’ਤੇ ਪਏ ਬੀਜ਼ ਨੂੰ ਹਲਕੀ ਮਿੱਟੀ ਦੀ ਪਰਤ ਨਾਲ ਢੱਕਣਾ।ਇਕ ਦਿਨ ਵਿੱਚ ਇਹ ਮਸ਼ੀਨ 100 ਕਿੱਲੇ ਦੀ ਮੈਟ ਵਾਲੀ ਪਨੀਰੀ ਬੀਜ਼ ਸਕਦੀ ਹੈ।ਕਿਸਾਨਾਂ ਵੱਲੋਂ ਛਾਣੀ ਹੋਈ ਮਿੱਟੀ, ਬੀਜ਼ ਅਤੇ ਲੇਬਰ ਦਾ ਪ੍ਰਬੰਧ ਕੀਤਾ ਜਾਂਦਾ ਹੈ।ਇਸ ਤਰ੍ਹਾਂ 5 ਮਜ਼ਦੂਰ ਇਕ ਦਿਨ ਵਿਚ 100 ਏਕੜ ਤੱਕ ਦੀ ਪਨੀਰੀ ਬੀਜ਼ ਸਕਦੇ ਹਨ।
              ਸਾਲ 2009 ਵਿਚ ਜਗਤਾਰ ਸਿੰਘ ਜੱਗਾ ਨੇ ਝੋਲਾ ਲਾਉਣ ਵਾਲੀ ਮਸ਼ੀਨ ਖ਼ਰੀਦੀ ਸੀ।ਉਹ ਹਮੇਸ਼ਾਂ ਮਨੀਰੀ ਬੀਜਣ ਦੇ ਕੰਮ ਨੂੰ ਅਸਾਨ ਕਰਨ ਬਾਰੇ ਸੋਚਦਾ ਰਹਿੰਦਾ ਸੀ।ਇਸ ਤਰ੍ਹਾਂ ਉਸ ਨੇ ਦੋ ਸਾਲਾਂ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਇਸ ਮਸ਼ੀਨ ਨੂੰ ਤਿਆਰ ਕੀਤਾ ਹੈ।
                ਮੁੱਖ ਖੇਤੀਬਾੜੀ ਅਫ਼ਸਰ ਨਾਜਰ ਸਿੰਘ ਨੇ ਇਸ ਮਸ਼ੀਨ ਦੀ ਪ੍ਰਦਰਸ਼ਨੀ ਮੌਕੇ ਕਿਹਾ ਕਿ ਪੈਡੀ ਟਰਾਂਸਪਲਾਂਟਰ ਮਸ਼ੀਨ ਨਾਲ ਝੋਨਾ ਲਾਉਣ ਦਾ ਕੰਮ ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਵੱਲੋਂ ਸ਼ੁਰੂ ਕੀਤਾ ਗਿਆ ਸੀ।ਇਸ ਮਸ਼ੀਨ ਨੇ ਮੈਟ ਟਾਈਪ ਪਨੀਰੀ ਬੀਜ਼ਣ ਦਾ ਕੰਮ ਅਸਾਨ ਕਰ ਦਿੱਤਾ ਹੈ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਨਾਲ ਝੋਨੇ ਦੀ ਲਵਾਈ ਹੇਠ ਰਕਬਾ ਵਧਾਉਣ ਵਿਚ ਇਸ ਮਸ਼ੀਨ ਦਾ ਅਹਿਮ ਯੋਗਦਾਨ ਹੋਵੇਗਾ ਅਤੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਘੱਟ ਆਵੇਗੀ ਅਤੇ ਮੈਟ ’ਤੇ ਪਨੀਰੀ ਬੀਜਣਾ ਹੁਣ ਅਸਾਨ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਹੁਣ ਤੱਕ 24 ਕਿਸਾਨਾਂ ਦੀ 450 ਏਕੜ ਰਕਬੇ ਵਾਸਤੇ ਝੋਨੇ ਦੀ ਪਨੀਰੀ ਬੀਜ਼ੀ ਜਾ ਚੁੱਕੀ ਹੈ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …