ਇਲਾਕਾ ਸੀਲ, ਸਿਰਫ਼ ਘਰੇਲੂ ਜ਼ਰੂਰੀ ਸੇਵਾਵਾਂ ਹੀ ਹੋਣਗੀਆਂ ਮੁਹੱਈਆ
ਲੁਧਿਆਣਾ, 5 ਜੁਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ
ਤੋਂ ਪੀੜਤ 16 ਹੋਰ ਮਾਮਲੇ ਸਾਹਮਣੇ ਆਏ ਹਨ।ਇਨਾਂ ਮਰੀਜ਼ਾਂ ਵਿੱਚੋਂ 5 ਮਰੀਜ਼ ਛਾਉਣੀ ਮੁਹੱਲਾ ਨਾਲ, 3 ਮਾਡਲ ਟਾਊਨ ਐਕਸਟੈਨਸ਼ਨ ਨਾਲ, 4 ਖੰਨਾ ਨਾਲ, 2 ਮਾਧੋਪੁਰੀ ਨਾਲ, 1 ਇਸਲਾਮਗੰਜ ਨਾਲ ਸੰਬੰਧਤ ਹਨ।ਇੱਕ ਮਰੀਜ਼ ਦਿੱਲੀ ਨਾਲ ਸੰਬੰਧਤ ਹੈ।
ਡੀ.ਸੀ ਅਗਰਵਾਲ ਨੇ ਦੱਸਿਆ ਕਿ ਕਿਉਂਕਿ ਇਕੱਲੇ ਛਾਉਣੀ ਮੁਹੱਲੇ ਵਿੱਚੋਂ ਹੀ ਹੁਣ ਤੱਕ 15 ਪਾਜ਼ਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਤਾਂ ਇਸ ਇਲਾਕੇ ਨੂੰ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਵਲੋਂ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ।ਜਿਸ ਨਾਲ ਇਸ ਇਲਾਕੇ ਵਿੱਚ ਕਰਫਿਊ/ਲੌਕਡਾਊਨ ਵਰਗੀ ਸਥਿਤੀ ਬਣਾ ਕੇ ਰੱਖੀ ਜਾਵੇਗੀ।ਇਸ ਖੇਤਰ ਵਿੱਚੋਂ ਨਾ ਹੀ ਕਿਸੇ ਵਿਅਕਤੀ ਨੂੰ ਬਾਹਰ ਜਾਣ ਅਤੇ ਨਾ ਹੀ ਅੰਦਰ ਆਉਣ ਦੀ ਆਗਿਆ ਹੋਵੇਗੀ।ਇਸ ਖੇਤਰ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਵਿੱਚ ਸਿਰਫ਼ ਘਰੇਲੂ ਅਤੇ ਜ਼ਰੂਰੀ ਸੇਵਾਵਾਂ ਹੀ ਚਾਲੂ ਰੱਖੀਆਂ ਜਾਣਗੀਆਂ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ `ਮਿਸ਼ਨ ਫਤਹਿ` ਤਹਿਤ ਲੋਕਾਂ ਨੂੰ ਕੋਵਿਡ 19 ਬਿਮਾਰੀ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਚੱਲਦਿਆਂ ਜ਼ਿਲਾ ਲੁਧਿਆਣਾ ਵਿੱਚ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਅੱਜ 5 ਜੂਨ ਤੱਕ ਜ਼ਿਲਾ ਲੁਧਿਆਣਾ ਨਾਲ ਸੰਬੰਧਤ 160 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।
ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 9806 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 9121 ਦੀ ਰਿਪੋਰਟ ਪ੍ਰਾਪਤ ਹੋਈ ਹੈ।8799 ਨਤੀਜੇ ਨੈਗੇਟਿਵ ਆਏ ਹਨ, ਜਦਕਿ 685 ਰਿਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਨਾਲ ਸੰਬੰਧਤ 226 ਮਾਮਲੇ ਪਾਜ਼ਟਿਵ ਪਾਏ ਗਏ ਹਨ, ਜਦਕਿ 96 ਮਰੀਜ਼ ਹੋਰ ਜ਼ਿਲਿਆਂ ਨਾਲ ਸੰਬੰਧਤ ਹਨ।ਉਨਾਂ ਕਿਹਾ ਕਿ ਬਦਕਿਸਮਤੀ ਨਾਲ 9 ਮੌਤਾਂ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਅਤੇ 7 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ।ਹੁਣ ਤੱਕ ਜ਼ਿਲਾ ਲੁਧਿਆਣਾ ਨਾਲ ਸੰਬੰਧਤ 160 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।
ਉਨਾਂ ਕਿਹਾ ਕਿ ਹੁਣ 7576 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 1591 ਵਿਅਕਤੀ ਇਕਾਂਤਵਾਸ ਹਨ।ਅੱਜ ਵੀ 237 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ।ਇਸੇ ਤਰਾਂ ਅੱਜ ਵੀ 603 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।ਜਿਨਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।
ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਮਾਸਕ ਨਾ ਪਹਿਨਣ ਵਾਲੇ ਵਿਅਕਤੀ ਅਤੇ ਜਨਤਕ ਥਾਵਾਂ `ਤੇ ਥੁੱਕਣ ਵਾਲੇ ਲੋਕਾਂ ਨੂੰ 500-500 ਰੁਪਏ ਜੁਰਮਾਨਾ ਕੀਤਾ ਜਾਵੇਗਾ।
Punjab Post Daily Online Newspaper & Print Media