Sunday, April 5, 2026

ਪੰਜਾਬ ’ਚ ਪਹਿਲੀ ਵਾਰ ਗਰਮੀਆਂ ਦੀਆਂ ਛੁੱਟੀਆਂ ਲਈ ਵਿਦਿਆਰਥੀਆਂ ਨੂੰ ਦਿੱਤਾ ‘ਮਿਡ ਡੇ ਮੀਲ’ ਦਾ ਅਨਾਜ – ਸਿੰਗਲਾ

ਕੋਵਿਡ-19 ਦੀ ਮਹਾਂਮਾਰੀ ਕਰਕੇ ਵਿਦਿਆਰਥੀਆਂ ਦੇ ਘਰ-ਘਰ ਪਹੁੰਚਾਇਆ ਜਾ ਰਿਹੈ ਅਨਾਜ

ਲੌਂਗੋਵਾਲ, 26 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ (ਮਿਡ ਡੇ ਮੀਲ) ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮਿਡ ਡੇ ਮੀਲ ਸਕੀਮ ਨੂੰ ਪੰਜਾਬ ’ਚ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਸਕੀਮ ਦੇ ਇਤਿਹਾਸ ’ਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਅਨਾਜ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਗਰਮੀਆਂ ਦੀਆਂ ਛੁੱਟੀਆਂ ਲਈ ਬੱਚਿਆਂ ਨੂੰ ਮਿਡ ਡੇ ਮੀਲ ਸਕੀਮ ਦਾ ਲਾਭ ਨਹੀਂ ਦਿੱਤਾ ਗਿਆ।
                  ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਉਪਜੇ ਔਖੇ ਹਾਲਾਤਾਂ ਦੌਰਾਨ ਵੀ ਪੰਜਾਬ ਸਰਕਾਰ ਵਲੋਂ ਮਿਡ ਡੇ ਮੀਲ ਸਕੀਮ ਤਹਿਤ ਬਣਦਾ ਅਨਾਜ ਵਿਦਿਆਰਥੀਆਂ ਨੂੰ ਉਨਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਤੈਅ ਮਾਪਦੰਡਾਂ ਤਹਿਤ ਖਾਣਾ ਬਣਾਉਣ ’ਤੇ ਖਰਚ ਕੀਤੇ ਜਾਣ ਵਾਲੀ ਰਾਸ਼ੀ ਵੀ ਸਿੱਧੇ ਉਨਾਂ ਦੇ ਖਾਤੇ ’ਚ ਪਾਈ ਜਾ ਰਹੀ ਹੈ।ਉਨਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਜੋ ਕਿ ਇਸ ਵਾਰ 11 ਅਪ੍ਰੈਲ ਤੋਂ 10 ਮਈ ਤੱਕ ਐਲਾਨੀਆਂ ਗਈਆਂ ਸਨ, ਦਾ ਬਣਦਾ ਅਨਾਜ ਸਕੂਲਾਂ ਦੇ ਅਧਿਆਪਕਾਂ ਰਾਹੀਂ ਬੱਚਿਆਂ ਤੱਕ ਪਹੁੰਚਾਇਆ ਗਿਆ ਹੈ।
                  ਕੈਬਨਿਟ ਮੰਤਰੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਇਲਾਵਾ 23 ਮਾਰਚ ਤੋਂ ਲੈ ਕੇ 10 ਮਈ 2020 ਤੱਕ ਸਿੱਖਿਆ ਵਿਭਾਗ ਵਲੋਂ ਮਿਡ ਡੇ ਮੀਲ ਦੇ ਅਨਾਜ ਦੀ ਵੰਡ ਦੌਰਾਨ ਹਰ ਐਤਵਾਰ ਅਤੇ ਹੋਰ ਛੁੱਟੀਆਂ ਦਾ ਅਨਾਜ ਵੀ ਸਕੂਲਾਂ ਨੂੰ ਦਿੱਤਾ ਗਿਆ ਹੈ।ਉਨਾਂ ਕਿਹਾ ਕਿ 11 ਮਈ 2020 ਤੋਂ ਬਾਅਦ ਹੀ ਅਨਾਜ ਦੀ ਵੰਡ ਦੌਰਾਨ ਐਤਵਾਰ ਤੇ ਹੋਰ ਛੁੱਟੀਆਂ ਕੱਢੀਆਂ ਗਈਆਂ ਹਨ।ਅਕਾਦਮਿਕ ਵਰੇ 2020-21 ਦੀ ਪਹਿਲੀ ਤਿਮਾਹੀ (ਅਪ੍ਰੈਲ ਤੋਂ ਜੂਨ) ਦਾ 8262.23 ਮੀਟ੍ਰਿਕ ਟਨ ਅਨਾਜ ਸੀਲਬੰਦ ਲਿਫ਼ਾਫਿਆਂ ’ਚ ਪੈਕ ਕਰਕੇ ਵਿਦਿਆਰਥੀਆਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ ਜਦਕਿ ਦੂਸਰੀ ਤਿਮਾਹੀ (ਜੁਲਾਈ ਤੋਂ ਸਤੰਬਰ) ਲਈ 11,974 ਮੀਟ੍ਰਿਕ ਟਨ ਅਨਾਜ ਦੀ ਸਪਲਾਈ ਵੀ ਜਲਦ ਸਕੂਲਾਂ ਤੱਕ ਪੁੱਜ ਜਾਵੇਗੀ।
                  ਉਨਾਂ ਨੇ ਦੱਸਿਆ ਕਿ ਜਿਨਾਂ ਵਿਦਿਆਰਥੀਆਂ ਦੇ ਬੈਂਕ ਖਾਤੇ ਉਪਲੱਬਧ ਸਨ, ਦੇ ਖਾਤਿਆਂ ’ਚ ਤੈਅ ਮਾਪਦੰਡਾਂ ਅਨੁਸਾਰ ਖਾਣਾ ਬਣਾਉਣ ਦੀ ਰਾਸ਼ੀ ਪਾਈ ਜਾ ਚੁੱਕੀ ਹੈ, ਪਰ ਕੁਝ ਬੱਚਿਆਂ ਦੇ ਬੈਂਕ ਖਾਤੇ ਉਪਲਬਧ ਨਾ ਹੋਣ ਕਾਰਨ ਇਹ ਰਾਸ਼ੀ ਸਕੂਲਾਂ ਕੋਲ ਹੀ ਪਈ ਹੈ ਜੋ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਕਦ ਵੰਡੇ ਜਾਣ ਦੀ ਮਨਾਹੀ ਹੈ। ਉਨਾਂ ਕਿਹਾ ਕਿ ਕੈਸ਼ ਵੰਡਣ ਦੀ ਮਨਜ਼ੂਰੀ ਲਈ ਸਿੱਖਿਆ ਵਿਭਾਗ ਨੇ ਪੱਤਰ ਲਿਖ ਕੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਹੈ, ਪਰ ਉਨਾਂ ਵੱਲੋਂ ਅਜੇ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।ਉਨਾਂ ਕਿਹਾ ਕਿ ਪ੍ਰਵਾਨਗੀ ਮਿਲਣ ਤੋਂ ਤੁਰੰਤ ਬਾਅਦ ਬਚਦੀ ਰਾਸ਼ੀ ਵੀ ਵਿਦਿਆਰਥੀਆਂ ਨੂੰ ਨਕਦ ਦੇ ਦਿੱਤੀ ਜਾਵੇਗੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …