ਜਿਲ੍ਹਾ ਕਪੂਰਥਲਾ ਨੂੰ ਗਲੀਆਂ ਤੇ ਛੱਪੜਾਂ ਦੇ ਸੁਧਾਰ ਲਈ ਜਾਰੀ ਕੀਤੇ 93.51 ਕਰੋੜ
ਕਪੂਰਥਲਾ, 10 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ
ਤੇ ਸਾਫ ਸੁਥਰਾ ਵਾਤਾਵਰਣ ਪੈਦਾ ਕਰਨ ਦੇ ਮੰਤਵ ਨਾਲ `ਸਮਾਰਟ ਵਿਲੇਜ਼ ਕੰਪੇਨ` ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕਪੂਰਥਲੇ ਜਿਲ੍ਹੇ ਨੂੰ ਮੁਹਿੰਮ ਦੇ ਦੂਜੇ ਪੜਾਅ ਤਹਿਤ 93.51 ਕਰੋੜ ਰੁਪੈ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਮਾਰਟ ਵਿਲੇਜ ਕੰਪੇਨ ਤਹਿਤ ਜਿਲਾ ਕਪੂਰਥਲਾ ਅਧੀਨ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਇਹਨਾਂ ਪ੍ਰਾਜੈਕਟਾਂ ਅਧੀਨ ਪਿੰਡਾਂ ਵਿੱਚ ਗਲੀਆਂ/ਨਾਲੀਆਂ ਛੱਪੜ ਦੀ ਸਫਾਈ, ਗੰਦੇ ਪਾਣੀ ਦਾ ਨਿਕਾਸ, ਸ਼ਮਸ਼ਾਨ ਘਾਟ ਦੀ ਉਸਾਰੀ ਆਦਿ ਵੱਖ-ਵੱਖ ਕੰਮ ਸ਼ਾਮਿਲ ਹਨ।
ਇਸ ਤੋਂ ਇਲਾਵਾ ਪਿੰਡਾਂ ਵਿੱਚ ਗਲੀਆਂ, ਢੇਰੇ ਢਾਣੀਆਂ ਦੇ ਰਸਤੇ ਇੱਟਾਂ ਅਤੇ ਇੰਟਰਲੋਕ ਟਾਈਲਾਂ ਲਗਾ ਕੇ ਪੱਕੇ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਪਿੰਡਾਂ ਦੇ ਛੱਪੜਾਂ ਨੂੰ ਡਿਵਾਟਰਿੰਗ/ਡਿਸਲਟਿੰਗ ਕਰਵਾ ਕੇ ਸਾਫ ਕਰਵਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਪਿੰਡਾਂ ਵਿੱਚ ਛੱਪੜਾਂ ਨੂੰ ਥਾਪਰ ਮਾਡਲ ਦੀ ਤਕਨੀਕ ਨਾਲ ਵਿਕਸਤ ਕਰਕੇ ਪਾਣੀ ਨੂੰ ਸਾਫ ਕਰਵਾਇਆ ਜਾ ਰਿਹਾ ਹੈ ਜੋ ਕਿ ਖੇਤੀ ਲਈ ਵਰਤਿਆ ਜਾਵੇਗਾ।
ਉਨਾਂ ਕਿਹਾ ਕਿ ਵਿਕਾਸ ਕੰਮਾਂ ਲਈ ਸਾਲ 2019-2020 ਦੌਰਾਨ ਲਈ ਕੁੱਲ 93.51 ਕਰੋੜ ਰੁਪੈ ਦੇ ਕੁੱਲ 2297 ਕੰਮਾਂ ਦੇ ਪ੍ਰਜੈਕਟ ਪਾਸ ਕੀਤੇ ਗਏ ਹਨ ਜਦਕਿ ਸਾਲ 2019-20 ਦੌਰਾਨ ਸਕੀਮ ਤਹਿਤ ਕੁੱਲ 38.09 ਕਰੋੜ ਰੁਪੈ ਦੇ ਕੁੱਲ 1018 ਪ੍ਰਜੈਕਟ/ਕੰਮ ਮੁਕੰਮਲ ਕੀਤੇ ਗਏ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਅਧੀਨ ਦਿਹਾਤੀ ਵਿਕਾਸ ਫੰਡ, 14 ਵੇਂ ਵਿੱਤ ਕਮੀਸ਼ਨ ਮਨਰੇਗਾ ਅਤੇ ਪੰਚਾਇਤ ਦੀ ਆਮਦਨ ਰਾਹੀਂ ਵੱਖ-ਵੱਖ ਪ੍ਰਜੈਕਟਾਂ ਦਾ ਕੰਮ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਜਾਰੀ ਫੰਡਾਂ ਵਿਚੋਂ ਪਿੰਡਾਂ ਦੀਆਂ ਗਲੀਆਂ ਨੂੰ ਇੱਟਾਂ/ਇੰਟਰਲਾਕ ਟਾਈਲਾਂ ਲਗਾ ਕੇ ਪੱਕੇ ਕਰਨ ਦੇ 12.41 ਕਰੋੜ ਦੇ 567 ਕੰਮ ਕਰਵਾਏ ਜਾਣੇ ਹਨ ਅਤੇ ਇਸ ਤਰਾਂ ਹੀ ਛੱਪੜਾਂ ਦੇ ਸੁਧਾਰ ਦੇ 9.24 ਕਰੋੜ ਦੇ 560 ਕੰਮ ਸ਼ੁਰੂ ਕਰਵਾਏ ਜਾਣੇ ਹਨ।
ਜਿਲ੍ਹੇ ਦੇ ਪਿੰਡਾਂ ਵਿੱਚ ਗਲੀਆਂ ਅਤੇ ਢੇਰੇ ਢਾਣੀਆਂ ਪੱਕੀਆ ਹੋਣ ਅਤੇ ਛੱਪੜਾਂ ਦੇ ਸੁਧਾਰ ਨਾਲ ਜਿਥੇ ਗਲੀਆਂ ਵਿੱਚ ਪਾਣੀ ਖੜੇ ਹੋਣ ਦੀ ਸਮੱਸਿਆ ਤੋਂ ਨਿਜਾਤ ਮਿਲੀ ਹੈ।ਉਥੇ ਹੀ ਗਲੀਆਂ ਪੱਕੀਆਂ ਹੋ ਜਾਣ ਨਾਲ ਪਿੰਡ ਦੀ ਦਿੱਖ ਵੀ ਖੂਬਸੂਰਤ ਹੋਈ ਹੈ।
ਉਨ੍ਹਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਸਰਪੰਚਾਂ/ਪੰਚਾਂ ਨੂੰ ਕਿਹਾ ਕਿ ਉਹ ਚੱਲ ਰਹੇ ਵਿਕਾਸ ਕੰਮਾਂ ਦੀ ਗੁਣਵਤਾ ਯਕੀਨੀ ਬਣਾਉਣ ਲਗਾਤਾਰ ਨਿਗਰਾਨ ਦੀ ਭੂਮਿਕਾ ਨਿਭਾਉਣ।
Punjab Post Daily Online Newspaper & Print Media