ਲੋਕਾਂ ਨੂੰ ਦਫਤਰਾਂ ‘ਚ ਖੱਜ਼ਲ ਖੁਆਰ ਨਹੀ ਹੋਣਾ ਪਵੇਗਾ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਗੁਰੂ ਨਗਰੀ ਵਿੱਚ ਇਮਾਰਤਾਂ ਦੇ ਨਕਸ਼ਿਆਂ ਦੀ ਮਨਜ਼ੂਰੀ ਲੈਣ ਲਈ ਹੁਣ ਲੋਕਾਂ ਨੂੰ ਦਫਤਰਾਂ ਵਿੱਚ ਖੱਜ਼ਲ ਖੁਆਰ ਨਹੀ
ਹੋਣਾ ਪਵੇਗਾ।ਕਿਉਂਕਿ ਹੁਣ ਸਿਰਫ਼ ਆਨਲਾਈਨ ਪੋਰਟਲ ਰਾਹੀਂ ਹੀ ਨਕਸ਼ਿਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਨੇ ਦੱਸਿਆ ਕਿ 15 ਅਗਸਤ 2018 ਨੂੰ ਜਿਸ ਈ-ਪੋਰਟਲ ਦੀ ਸ਼ੁਰੂਆਤ ਕੀਤੀ ਗਈ ਸੀ, ਉਸ ਵਿੱਚਲੀਆਂ ਕੁੱਝ ਤਕਨੀਕੀ ਤਰੁੱਟੀਆਂ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਆਨਲਾਈਨ ਬਿਲਡਿੰਗ ਪਲਾਨ ਪ੍ਰਵਾਨਗੀ ਪ੍ਰਣਾਲੀ (ਓ.ਬੀ.ਪੀ.ਏ.ਐਸ) ਦੇ ਨਾਲ-ਨਾਲ ਆਨਲਾਈਨ ਸੇਵਾਵਾਂ ਦੀ ਸ਼ਰੁੂਆਤ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।ਇਸ ਓ.ਬੀ.ਪੀ.ਏ.ਐਸ ਸਿਸਟਮ ਨਾਲ ਰੈਗੂਲਰਾਈਜੇਸ਼ਨ ਪਾਲਿਸੀ ਤਹਿਤ ਲੋਕ ਪਲਾਟਾਂ ਦੇ ਨਕਸ਼ਿਆਂ ਦੀ ਮਨਜੂਰੀ, ਲੇਆਊਟ ਪ੍ਰਵਾਨਗੀ, ਜ਼ਮੀਨੀ ਵਰਤੋਂ ਤਬਦੀਲੀ ਸਬੰਧੀ ਪ੍ਰਵਾਨਗੀ, ਟੈਲੀਕਮਿਊਨੀਕੇਸ਼ਨ ਟਾਵਰ ਲਈ ਪ੍ਰਵਾਨਗੀ ਅਤੇ ਪਲਾਟਾਂ ਦੀ ਐਨ.ਓ.ਸੀ ਆਨਲਾਈਨ ਘਰ ਬੈਠੇ ਹੀ ਪ੍ਰਾਪਤ ਕਰ ਸਕਣਗੇ ਤੇ ਲੋਕਾਂ ਨੂੰ ਵਿਚੋਲਗੀ ਤੋਂ ਵੀ ਰਾਹਤ ਮਿਲੇਗੀ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਲੋਕ ਆਨਲਾਈਨ ਪੋਰਟਲ ‘ਤੇ ਸੀ.ਏ.ਡੀ ਡਰਾਇੰਗ ਫਾਈਲ ਦੀ ਕੰਪਿਊਟਰ ਵੈਰੀਫਿਕੇਸਨ, ਆਨਲਾਈਨ ਭੁਗਤਾਨ ਦੀ ਸਹੂਲਤ, ਫਾਈਲਾਂ ਭੇਜਣ ਅਤੇ ਨਿਰਧਾਰਿਤ ਸਮਾਂ ਸੀਮਾ ਅੰਦਰ ਪ੍ਰਵਾਨਗੀ, ਬਿਨੈਕਾਰਾਂ ਨਾਲ ਆਨਲਾਈਨ ਸਥਿਤੀ ਨੂੰ ਈ-ਮੇਲ ਅਤੇ ਐਸ.ਐਮ.ਐਸ ਦੇ ਜ਼ਰੀਏ ਸਾਂਝਾ ਕਰਨ ਦੀ ਸਹੂਲਤ ਉਪਲੱਬਧ ਹੋਵੇਗੀ।ਇਹ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਡਿਜ਼ੀਟਲ ਦਸਤਖਤਾਂ ਵਾਲਾ ਕੰਪਿਊਟਰ ਵਲੋਂ ਤਿਆਰ ਕੀਤਾ ਸਰਟੀਫਿਕੇਟ ਪ੍ਰਦਾਨ ਕੀਤਾ ਜਾਵੇਗਾ।
Punjab Post Daily Online Newspaper & Print Media