Monday, April 20, 2026

12 ਸਾਲ ਤੋਂ ਪਰਾਲੀ ਸਾੜੇ ਬਿਨਾਂ ਖੇਤੀ ਕਰ ਰਿਹਾ ਕਿਸਾਨ ਦੇਸ਼ਪਾਲ ਸਿੰਘ

ਕਾਹਨ ਸਿੰਘ ਪੰਨੂ ਨੇ 10 ਸਾਲ ਪਹਿਲਾਂ ਇਥੋਂ ਹੀ ਕੀਤੀ ਸੀ ਬੇਲਰ ਦੀ ਸ਼ੁਰੂਆਤ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਜਿਥੇ ਕਈ ਕਿਸਾਨ ਥੋੜੀ ਜਿਹੀ ਮਿਹਨਤ ਤੋਂ ਕੰਨੀ ਕਰਦੇ ਹੋਏ ਆਪਣੇ ਖੇਤਾਂ ਵਿਚ ਪਰਾਲੀ ਸਾੜ ਕੇ ਲੱਖਾਂ ਟਨ ਜੈਵਿਕ ਮਾਦਾ ਜੋ ਕਿ ਖੇਤ ਲਈ ਚੰਗੀ ਖਾਦ ਬਣ ਸਕਦਾ ਹੈ, ਨੂੰ ਸਾੜਣ ਦੀ ਕਾਹਲ ਕਰਦੇ ਹਨ, ਉਥੇ ਪਿੰਡ ਤਲਵੰਡੀ ਡੋਗਰਾਂ ਬਲਾਕ ਜੰਡਿਆਲਾ ਗੁਰੂ ਦੇ ਇਸ ਕਿਸਾਨ ਨੇ 12 ਸਾਲ ਤੋਂ ਪਰਾਲੀ ਨਹੀਂ ਸਾੜੀ।ਉਹ ਬੇਲਰ, ਮਲਚਰ, ਕਿਚਲਰ, ਤਵੀਆਂ ਆਦਿ ਨਾਲ ਪਰਾਲੀ ਦੀ ਸਾਂਭਦੇ ਹਨ। ਦੱਸਣਯੋਗ ਹੈ ਕਿ ਤਤਕਾਲੀ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਇਨਾਂ ਦੇ ਖੇਤ ਵਿੱਚ ਕਰੀਬ 10 ਸਾਲ ਪਹਿਲਾਂ ਬੇਲਰ ਦੀ ਸ਼ੁਰੂਆਤ ਕੀਤੀ ਸੀ।
                ਗੱਲਬਾਤ ਕਰਦੇ ਹੋਏ ਕਿਸਾਨ ਦੇਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਸੰਨ 2008 ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਵੱਖ-ਵੱਖ ਸੰਦ ਵਰਤ ਕੇ ਉਹ ਪਰਾਲੀ ਨੂੰ ਸਾਂਭ ਰਹੇ ਹਾਂ।ਇਸ ਨਾਲ ਇਕ ਤਾਂ ਸਿੱਧਾ ਲਾਭ ਇਹ ਹੁੰਦਾ ਹੈ ਕਿ ਜ਼ਮੀਨ ਉਪਜਾਊ ਰਹਿੰਦੀ ਹੈ, ਵਾਤਾਵਰਣ ਸਵੱਛ ਰਹਿੰਦਾ ਹੈ।ਜਦਕਿ ਅੱਗ ਲਗਾਉਣ ਨਾਲ ਜ਼ਮੀਨ ਬੰਜ਼ਰ ਹੋ ਰਹੀ ਹੈ ਕੇਵਲ ਰਸਾਇਣਕ ਖਾਦਾਂ ਤੇ ਰਹਿਣ ਵਾਲੀ ਜ਼ਮੀਨ ਦੇ ਭਿਆਨਕ ਸਿੱਟੇ ਨਿਕਲਣਗੇ।ਦੂਸਰਾ ਗਰਮੀ ਵਧ ਰਹੀ ਹੈ ਜੋ ਕਿ ਸਬਜ਼ੀਆਂ ਤੇ ਫਸਲਾਂ ਲਈ ਹਾਨੀਕਾਰਕ ਹੈ।ਇਸ ਸਾਲ ਵੀ ਗਰਮੀ ਵੱਧ ਤੇ ਬਰਸਾਤ ਘੱਟ ਪੈਣ ਕਾਰਨ ਅਗੇਤੇ ਲਗਾਏ ਝੋਨੇ ਦਾ ਅੱਧਾ ਝਾੜ ਆਇਆ ਹੈ, ਜੋ ਕਿ ਵੱਡਾ ਵਿੱਤੀ ਘਾਟਾ ਹੈ।ਉਨਾਂ ਦੱਸਿਆ ਕਿ ਸਾਨੂੰ ਪਰਾਲੀ ਵਿਚ ਵਾਹ ਦੇਣ ਨਾਲ ਖੇਤ ‘ਚ ਬਹੁਤ ਘੱਟ ਰਸਾਇਣਕ ਖਾਦ ਪਾਉਣੀ ਪੈਂਦੀ ਹੈ।
               ਦੇਸ਼ਪਾਲ ਸਿੰਘ ਨੇ ਦੱਸਿਆ ਕਿ ਚੰਗੀ ਗੱਲ ਹੈ ਕਿ ਸਾਡੇ ਪਿੰਡ ਵਿੱਚ ਕਰੀਬ 60 ਫੀਸਦੀ ਕਿਸਾਨਾਂ ਨੇ ਇਸ ਵਾਰ ਪਰਾਲੀ ਨੂੰ ਸਾਂਭਿਆ ਹੈ ਅਤੇ ਆਪਣੇ ਕੋਲੋਂ ਵੀ ਖਰਚਾ ਕੀਤਾ।ਕੁੱਝ ਪਰਾਲੀ ਗੁਜਰ ਲੈ ਗਏ, ਕੁੱਝ ਗੱਤਾ ਫੈਕਟਰੀ ਨੂੰ ਵੇਚੀ ਅਤੇ ਕੁੱਝ ਪਸ਼ੂਆਂ ਲਈ ਸਾਂਭੀ ਹੈ।ਇਸ ਤਰਾਂ ਪਹਿਲਾਂ 1500 ਦੇ ਕਰੀਬ ਖਰਚਾ ਪ੍ਰਤੀ ਏਕੜ ਤੱਕ ਕਰਦੇ ਸੀ, ਪਰ ਹੁਣ ਪਰਾਲੀ ਵਿਕਣ ਕਾਰਨ 500-700 ਰੁਪਏ ਨਾਲ ਸਰ ਗਿਆ ਹੈ।ਉਨਾਂ ਦੱਸਿਆ ਕਿ ਜਿੱਥੇ ਸਬਜੀਆਂ ਦੀ ਕਾਸ਼ਤ ਕਰਨੀ ਹੈ, ਉਸ ਖੇਤ ਵਿੱਚ ਬੇਲਰ ਵਰਤਿਆ ਹੈ।ਦੂਸਰੇ ਖੇਤਾਂ ਵਿੱਚ ਜਿਥੇ ਕਣਕ ਬੀਜਣੀ ਹੈ, ਉਥੇ ਸਮਾਂ ਹੋਣ ਕਾਰਨ ਮਲਚਰ ਜਾਂ ਤਵੀਆਂ ਨਾਲ ਜ਼ਮੀਨ ਵਿਚ ਵਾਹ ਦਿੱਤਾ ਹੈ।ਉਸ ਖੇਤ ਨੂੰ ਪਾਣੀ ਲਗਾ ਦੇਣਾ ਹੈ ਅਤੇ ਕਣਕ ਬੀਜ਼ਣ ਤੱਕ 70 ਫੀਸਦੀ ਪਰਾਲੀ ਸੜ ਕੇ ਖਾਦ ਦਾ ਕੰਮ ਕਰੇਗੀ।ਉਨਾਂ ਖੇਤੀ ਵਿਭਾਗ ਵਲੋਂ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਵੀ ਅਜਿਹੇ ਕਿਸਾਨਾਂ ਨੂੰ ਸਾਬਾਸ਼ ਦਿੰਦੇ ਕਿਹਾ ਕਿ ਅਜਿਹੇ ਕਿਸਾਨਾਂ ‘ਤੇ ਮਾਣ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …