ਕੋਵਿਡ ਤੇ ਹੋਰ ਸਿਹਤ ਸਹੂਲਤਾਂ ਨੂੰ ਸਬੰਧੀ ਹੋਈ ਚਰਚਾ
ਕਪੂਰਥਲਾ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਜੋ ਸਿਹਤ ਸਹੂਲਤਾਂ ਮਿਲੀਆਂ ਹਨ ਉਨ੍ਹਾਂ ਦਾ ਲਾਭ ਹਰ ਵਰਗ ਤੱਕ
ਪਹੁੰਚਣਾ ਚਾਹੀਦਾ ਹੈ।ਇਹ ਸ਼ਬਦ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਜਿਲਾ ਸਿਹਤ ਸੋਸਾਇਟੀ ਦੀ ਮਾਸਿਕ ਮੀਟਿੰਗ ਦੌਰਾਨ ਪ੍ਰਗਟ ਕੀਤੇ।
ਡਿਪਟੀ ਕਮਿਸ਼ਨਰ ਨੇ ਕੋਵਿਡ ਬਾਰੇ ਜਾਣਕਾਰੀ ਲਈ ਤੇ ਕੋਮੋਰਬਿਡ ਕੰਡੀਸ਼ਨ ਵਾਲੇ ਕੇਸਾਂ ਦੀ ਵੱਧ ਤੋਂ ਵੱਧ ਸੈਂਪਲਿੰਗ ਲਈ ਕਿਹਾ।ਉਨਾਂ ਵਲੋਂ ਸਿਹਤ ਵਿਭਾਗ ਦੇ ਹੋਰਨਾਂ ਪ੍ਰੋਗਰਾਮਾਂ ਜਿਵੇਂ ਕਿ ਜੱਚਾ ਬੱਚਾ ਸਿਹਤ ਸਹੂਲਤਾਂ, ਟੀਕਾਕਰਣ ਤੇ ਪਰਿਵਾਰ ਨਿਯੋਜਨ ਪ੍ਰੋਗਰਾਮ ‘ਤੇ ਵੀ ਚਰਚਾ ਕੀਤੀ ਗਈ। ਉਨਾਂ ਨੇ ਕਿਹਾ ਕਿ ਗਰਭਵਾਸਥਾ ਦੌਰਾਨ ਜੱਚਾ ਤੇ ਬੱਚਾ ਨੂੰ ਸਰਕਾਰ ਵਲੋਂ ਦਿੱਤੀ ਹਰ ਸਹੂਲਤ ਮਿਲੇ ਤੇ ਕੋਈ ਵੀ ਬੱਚਾ ਟੀਕਾਕਰਣ ਤੋਂ ਵਾਂਝਾ ਨਾ ਰਹੇ।
ਮੀਟਿੰਗ ਦੌਰਾਨ ਆਉਣ ਵਾਲੇ ਨਵੰਬਰ ਵਿੱਚ ਆਉਣ ਵਾਲੇ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਬਾਰੇੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਨਾਲ ਨਾਲ ਡੇਂਗੂ ਦੀ ਬਿਮਾਰੀ ਨੂੰ ਜਿਲੇ ਵਿਚ ਪੈਰ ਪਸਾਰਣ ਤੋਂ ਰੋਕਿਆ ਜਾਵੇ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਡੇਂਗੂ ਨਾਲ ਨਿਪਟਣ ਲਈ ਸਿਹਤ ਵਿਭਾਗ ਵੱਲੋਂ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆਂ ਹਨ।ਪ੍ਰਾਈਵੇਟ ਲੈਬਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਕੋਲ ਡੇਂਗੂ ਦਾ ਕੋਈ ਮਰੀਜ਼ ਆਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ।
ਸਿਵਲ ਸਰਜਨ ਨੇ ਕਿਹਾ ਕਿ ਕੋਮੋਰਬਿਡ ਕੰਡੀਸ਼ਨ ਕੇਸ ਵਾਲਾ ਕੋਈ ਵੀ ਵਿਅਕਤੀ ਕੋਰੋਨਾ ਦੀ ਸੈਂਪਲਿੰਗ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਇਸ ਮੌਕੇ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ. ਰਾਜੀਵ ਭਗਤ, ਡਾ ਸੁਖਵਿੰਦਰ ਕੌਰ ਆਦਿ ਹਾਜਰ ਸਨ।
Punjab Post Daily Online Newspaper & Print Media