Sunday, April 5, 2026

ਪੰਜਾਬ ਸਰਕਾਰ ਹਰ ਲੋੜਵੰਦ ਤੱਕ ਬਿਹਤਰੀਨ ਸਿਹਤ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ – ਡਿਪਟੀ ਕਮਿਸ਼ਨਰ

ਮੁੱਖ ਮੰਤਰੀ ਵਲੋਂ ਕਪੂਰਥਲਾ ਦੇ 30 ਹੈਲਥ ਐਂਡ ਵੈਲਨੈਸ ਸੈਂਟਰਾਂ ਦਾ ਕੀਤਾ ਵਰਚੁਅਲ ਉਦਘਾਟਨ

ਕਪੂਰਥਲਾ, 22 ਨਵੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਲੋੜਵੰਦ ਨੂੰ ਬਿਹਤਰੀਨ ਸਿਹਤ ਸਹਲੂਤਾਂ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਜਿਲੇ ‘ਚ ਸ਼ੁਰੂ ਕੀਤੇ ਗਏ `ਹੈਲਥ ਵੈਲਨੈਸ ਸੈਂਟਰ` ਇਸ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸੂਬੇ ਭਰ ਵਿਚ ਹੈਲਥ ਵੈਲਨੈਸ ਸੈਂਟਰਾਂ ਦਾ ਵਰਚੁਅਲ ਉਦਘਾਟਨ ਮੌਕੇ ਸਮਾਗਮ ਵਿਚ ਸ਼ਿਰਕਤ ਕਰਨ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਬਿਹਤਰ ਇਲਾਜ਼ ਦੀ ਸਹੂਲਤ ਦੇਣਾ ਪੰਜਾਬ ਸਰਕਾਰ ਦਾ ਟੀਚਾ ਹੈ ਤਾਂ ਜੋ ਕੋਈ ਵੀ ਜਰੂਰਤਮੰਦ ਕਿਸੇ ਵੀ ਤਰਾਂ ਦੀ ਸਿਹਤ ਸਹੂਲਤ ਤੇ ਇਲਾਜ਼ ਤੋਂ ਵਾਂਝਾ ਨਾ ਰਹਿ ਸਕੇ।
                  ਜਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਕੁੱਲ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਵਰਚੁਅਲੀ ਉਦਘਾਟਨ ਕੀਤਾ ਗਿਆ ਅਤੇ ਇਨਾਂ ਵਿਚ 30 ਤੰਦਰੁਸਤ ਪੰਜਾਬ ਸਿਹਤ ਕੇਂਦਰ ਕਪੂਰਥਲਾ ਦੇ ਵੀ ਸ਼ਾਮਲ ਹਨ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਉਦੇਸ਼ ਰੋਗ ਹੋਣ ਤੋਂ ਪਹਿਲਾਂ ਹੀ ਬਚਾਅ ਦੇ ਉਪਾਅ ਤਾਂ ਕਰਨਾ ਹੀ ਹੈ ਨਾਲ ਹੀ ਵੱਧ ਤੋਂ ਵੱਧ ਸਿਹਤ ਸਹੂਲਤਾਂ ਲੋਕਾਂ ਦੇ ਘਰ ਘਰ ਤੱਕ ਪਹੁੰਚਾਉਣਾ ਹੈ।ਉਨਾਂ ਦੱਸਿਆ ਕਿ ਉਪ ਕੇਂਦਰਾਂ `ਤੇ ਪਹਿਲੇ ਜਿਥੇ ਜੱਚਾ ਬੱਚਾ ਸਿਹਤ ਸਹੂਲਤ ਤੇ ਟੀਕਾਕਰਨ ਦੀ ਸਹੂਲਤ ਪਿੰਡ ਪਿੰਡ ਤੱਕ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਮੁਹੱਇਆ ਕਰਵਾਈ ਜਾ ਰਹੀ ਸੀ, ਉਥੇ ਹੀ ਤੰਦਰੁਸਤ ਪੰਜਾਬ ਸਿਹਤ ਕੇਂਦਰ ਦੇ ਅਪਗ੍ਰੇਡ ਹੋਣ ਨਾਲ ਉਪਰੋਕਤ ਸਹੂਲਤਾਂ ਦੇ ਨਾਲ ਨਾਲ ਸੰਚਾਰੀ ਤੇ ਗੈਰ ਸੰਚਾਰੀ ਰੋਗਾਂ, ਸਕੂਲ ਹੈਲਥ ਐਜੂਕੇਸ਼ਨ ਜਿਸ ਵਿਚ ਕਿਸ਼ੋਰ ਸਿਹਤ ਵੀ ਸ਼ਾਮਲ ਹਨ ਦੇ ਇਲਾਜ ਦੀ ਸਹੂਲਤ ਇਨਾਂ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿਚ ਹੀ ਮਿਲੇਗੀ।
               ਡਾ. ਸੁਰਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਤੰਦਰੁਸਤ ਪੰਜਾਬ ਸਿਹਤ ਕੇਂਦਰ ਕੈਂਸਰ ਜਿਵੇਂ ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ, ਓਰਲ ਕੈਂਸਰ, ਹਾਈਪਰਟੈਂਸ਼ਨ, ਡਾਇਬੀਟੀਜ਼ ਆਦਿ ਬਿਮਾਰੀਆਂ ਦੀ ਅਰਲੀ ਡਿਟੈਕਸ਼ਨ ਵਿਚ ਬਹੁਤ ਹੀ ਲਾਹੇਵੰਦ ਸਿੱਧ ਹੋਣਗੇ।
                      ਇਸ ਮੌਕੇ ਡੀ.ਐਸ.ਪੀ ਸੰਦੀਪ ਸਿੰਘ ਮੰਡ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਜੋਤੀ ਆਨੰਦ ਵੀ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …