Saturday, September 26, 2026

ਖੇਤੀ ਸਹਾਇਕ ਕਿੱਤੇ ਅਪਣਾ ਕੇ ਖੇਤੀ ਆਮਦਨ ਵਧਾਉਣ ਦੀ ਜ਼ਰੂਰਤ – ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵਲੋਂ ਪਿੰਡ ਅਖਵਾਨਾ ਸਥਿਤ ਖੁੰਭ ਫਾਰਮ ਦਾ ਦੌਰਾ

ਪਠਾਨਕੋਟ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲੇ ਅੰਦਰ ਖੇਤੀਬਾੜੀ ਨਾਲ ਸੰਬੰਧਤ ਵੱਖ-ਵੱਖ ਵਿਭਾਗਾਂ ਦੁਆਰਾ ਸਹਾਇਕ ਕਿੱਤੇ ਜਿਵੇਂ ਮੱਖੀ ਪਾਲਣ, ਮੱਛੀ ਪਾਲਣ, ਖੁੰਭਾਂ ਦੀ ਕਾਸ਼ਤ, ਪਸ਼ੂ ਪਾਲਣ, ਸਬਜੀਆਂ ਦੀ ਕਾਸ਼ਤ ਅਤੇ ਫਲਾਂ ਦੀ ਕਾਸ਼ਤ ਅਪਣਾਉਣ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਨਾਂ ਯਤਨਾਂ ਸਦਕਾ ਕੁੱਝ ਨੌਜਵਾਨ ਕਿਸਾਨਾਂ ਵਲੋਂ ਰਵਾਇਤੀ ਫਸਲੀ ਚੱਕਰ ਦੇ ਨਾਲ ਸਹਾਇਕ ਕਿੱਤੇ ਸਫਲਤਾ ਪੂਰਵਕ ਸਥਾਪਤ ਕਰਕੇ ਆਪਣੀ ਖੇਤੀ ਅਧਾਰਿਤ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ।ਅਜਿਹਾ ਹੀ ਨੌਜਵਾਨ ਉੱਦਮੀ ਕਿਸਾਨ ਯਸ਼ਪਾਲ ਵਾਸੀ ਅਖਵਾਣਾ ਨੇ ਆਧਨਿਕ ਤਕਨੀਕਾਂ ਅਪਣਾ ਕੇ ਖੁੰਭਾਂ ਦੀ ਕਾਸ਼ਤ ਕਰਕੇ ਨੌਜਵਾਨ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੈ।
             ਯਸ਼ਪਾਲ ਵੱਲੋਂ ਚਲਾਏ ਜਾ ਰਹੇ ਖੁੰਭਾਂ ਦੇ ਫਾਰਮ ਬਾਰੇ ਜਾਣਕਾਰੀ ਲੈਣ ਲਈ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵਲੋਂ ਦੌਰਾ ਕੀਤਾ ਗਿਆ।ਉਨਾਂ ਦੇ ਨਾਲ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ. ਪ੍ਰਿਤਪਾਲ ਸਿੰਘ, ਡਾ. ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਨਵੀਨ ਗੁਪਤਾ ਖੇਤੀ ਉਪ ਨਿਰੀਖਕ ਸਮੇਤ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।ਆਧੁਨਕਿ ਤਕਨੀਕਾਂ ਨਾਲ ਲੈਸ ਇਸ ਖੁੰਭ ਫਾਰਮ ‘ਤੇ ਪੈਦਾ ਹੋ ਰਹੀ।ਖੁੰਬ ਦੇ ਕੰਮ ਨੂੰ ਦੇਖ ਕੇ ਡਿਪਟੀ ਕਮਿਸ਼ਨਰ ਬਹੁਤ ਪ੍ਰਭਾਵਿਤ ਹੋਏ ਅਤੇ ਇਸ ਕਿੱਤੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਖੁੰਭ ਉਤਪਾਦਕ ਯਸ਼ਪਾਲ ਦੀ ਹਰ ਤਰਾਂ ਦੀ ਮਦਦ ਦਾ ਭਰੋਸਾ ਦਵਾਇਆ।
ਨੌਜਵਾਨ ਖੁੰਭ ਉਤਪਾਦਕ ਯਸ਼ਪਾਲ ਨੇ ਦੱਸਿਆ ਕਿ ਪਹਿਲਾਂ ਉਸ ਵਲੋਂ ਮੁਰਗੀਆਂ ਪਾਲਣ ਦਾ ਕਿੱਤਾ ਅਪਣਾਇਆ ਗਿਆ ਸੀ।ਪਰ ਕੁੱਝ ਕਾਰਨਾਂ ਕਰਕੇ ਬੰਦ ਕਰਨਾ ਪਿਆ।ਉਸੇ ਸ਼ੈਡ ਵਿੱਚ ਕੁੱਝ ਸੁਧਾਰ ਕਰਕੇ ਨਵੰਬਰ 2016 ਨੂੰ ਖੁੰਭਾਂ ਦਾ ਉਤਪਾਦਨ ਕਰਨ ਸ਼ੁਰੂ ਕਰ ਦਿੱਤਾ।ਉਨਾਂ ਕਿਹਾ ਕਿ ਸ਼ੁਰੂ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਖੇਤੀ ਅਤੇ ਬਾਗਬਾਨੀ ਮਾਹਿਰਾਂ ਦੀ ਸਹਾਇਤਾ ਨਾਲ ਉਨਾਂ ਮੁਸ਼ਕਿਲਾਂ ਨੂੰ ਦੂਰ ਕਰਦਿਆਂ ਅੱਜ ਇਹ ਕੰਮ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ।
              ਡਾ. ਹਰਤਰਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਸਾਰ ਦੇ ਵੱਖ-ਵੱਖ ਮਾਧਿਅਮ ਅਪਣਾ ਕੇ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਕਿਸਾਨ ਔਰਤਾਂ ਮਧੂ ਮੱਖੀ ਪਾਲਣ ਅਤੇ ਖੁੰਭਾਂ ਦੀ ਕਾਸਤ ਕਰਕੇ ਆਰਥਿਕ ਪੱਖੋਂ ਆਤਮ ਨਿਰਭਰ ਬਣ ਸਕਦੀਆਂ ਹਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …