ਖਿਡਾਰੀਆਂ ਵੱਲ ਧਿਆਨ ਦੇਣਾ ਲਾਜ਼ਮੀ ਤੇ ਸਮੇਂ ਦੀ ਲੋੜ ਹੈ – ਹੁੰਦਲ/ਰੰਧਾਵਾ
ਅੰਮ੍ਰਿਤਸਰ, 25 ਨਵੰਬਰ (ਸੰਧੂ) – ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਦੇ ਹਾਕੀ ਸਟੇਡੀਅਮ ਵਿਖੇ ਅੰਡਰ 14 ਸਾਲ ਉਮਰ ਵਰਗ ਦੇ
ਹਾਕੀ ਖਿਡਾਰੀਆਂ ਦੀ ਹਾਕੀ ਲੀਗ ਬਹੁਤ ਜਲਦ ਸ਼ੁਰੂ ਕੀਤੀ ਜਾਵੇਗੀ ਤੇ ਚੰਗੀਆਂ ਟੀਮਾਂ ਨੂੰ ਪ੍ਰਦਰਸ਼ਨੀ ਮੈਚਾਂ ਦਾ ਹਿੱਸਾ ਬਣਾ ਕੇ ਬਿਹਤਰੀਨ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਕੌਮੀ ਹਾਕੀ ਖਿਡਾਰੀ ਤੇ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਤੇ ਪੰਜਾਬ ਪੁਲਿਸ ਦੇ ਕੌਮੀ ਹਾਕੀ ਖਿਡਾਰੀ ਐਸ.ਆਈ ਮਹਾਂਵੀਰ ਸਿੰਘ ਰੰਧਾਵਾ ਨੇ ਅੱਜ ਇਥੇ ਕੀਤਾ। ਉਨਾਂ ਦੱਸਿਆ ਕਿ ਵੈਸੇ ਤਾਂ ਉਪਰਲੀ ਉਮਰ ਵਰਗ ਦੇ ਖਿਡਾਰੀਆਂ ਦੇ ਵੱਲੋਂ ਕੋਵਿਡ-19 ਤੇ ਕੋਰੋਨਾ ਮਾਹਾਂਮਾਰੀ ਦੇ ਚੱਲਦਿਆ ਸਮਾਜਿਕ ਦੂਰੀ ਤੇ ਸੁਰੱਖਿਆ ਸਾਧਨਾਂ ਸਮੇਤ ਪੰਜਾਬ ਸਰਕਾਰ ਤੇ ਵਿਭਾਗੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਲੋੜ ਅਨੁਸਾਰ ਅਭਿਆਸ ਦਾ ਸਿਲਸਿਲਾ ਅਰੰਭਿਆ ਹੋਇਆ ਹੈ।ਜਦੋਂ ਕਿ 14 ਸਾਲ ਤੋਂ ਘੱਟ ਉਮਰ ਵਰਗ ਦੇ ਖਿਡਾਰੀਆਂ ‘ਤੇ ਸਿਲਸਿਲੇਵਾਰ ਪਾਬੰਦੀ ਚੱਲੀ ਆ ਰਹੀ ਹੈ।ਉਨ੍ਹਾਂ ਕਿਹਾ ਕਿ ਹੁਣ ਇੰਨ੍ਹਾਂ ਖਿਡਾਰੀਆਂ ਵੱਲ ਧਿਆਨ ਦੇਣਾ ਲਾਜ਼ਮੀ ਤੇ ਸਮੇਂ ਦੀ ਲੋੜ ਹੈ ਕਿਉਂਕਿ ਇਹ ਖਿਡਾਰੀ ਬੀਤੇ ਕਈ ਮਹੀਨਿਆਂ ਤੋਂ ਖੇਡ ਖੇਤਰ ਤੋਂ ਦੂਰ ਅਤੇ ਅਭਿਆਸ ਤੋਂ ਵਾਂਝੇ ਹਨ।ਇਸ ਲਈ ਇਨ੍ਹਾਂ ਵਾਸਤੇ ਹਾਕੀ ਲੀਗ ਦਾ ਸ਼ੁਰੂ ਹੋਣਾ ਅਤਿਅੰਤ ਜਰੂਰੀ ਹੈ।
ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਅਤੇ ਮਹਾਂਵੀਰ ਸਿੰਘ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਅੰਡਰ 14 ਸਾਲ ਉਮਰ ਵਰਗ ਦੇ ਖਿਡਾਰੀਆਂ ਤੋਂ ਹੀ ਉਪਰਲੇ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਲਈ ਖਿਡਾਰੀ ਤਿਆਰ ਕੀਤੇ ਜਾਂਦੇ ਹਨ।ਇਸ ਲਈ ਇਲਾਕੇ ਦੇ ਵੱਖ-ਵੱਖ ਖੇਤਰਾਂ ਦੇ ਪਿੰਡਾਂ ਦੀਆਂ ਟੀਮਾਂ ਨੂੰ ਹਾਕੀ ਲੀਗ ਦਾ ਹਿੱਸਾ ਬਣਨ ਲਈ ਸੁਨੇਹਾ ਭੇਜਿਆ ਜਾ ਚੁੱਕਾ ਹੈ।ਵੱਖ-ਵੱਖ ਵਿਭਾਗਾਂ ਦੇ ਮਾਹਿਰ ਕੋਚਾਂ ਵੱਲੋਂ ਇਨ੍ਹਾਂ ਨੂੰ ਮੁਹਾਰਤ ਹਾਸਲ ਕਰਵਾ ਕੇ ਬਿਹਤਰੀਨ ਖਿਡਾਰੀਆਂ ਦੇ ਰੂਪ ਵਿਚ ਪੇਸ਼ ਕੀਤਾ ਜਾਵੇਗਾ।ਉਨਾਂ੍ਹ ਦੱਸਿਆ ਕਿ ਇਸ ਸੰਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਦਸਤਾਵੇਜੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਲੀਗ ਸ਼ੁਰੂ ਕਰਨ ਲਈ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ।
ਇਸ ਮੌਕੇ ਦੀਪਕ ਮਰੜ੍ਹ, ਪ੍ਰੇਮ ਰੇਲਵੇ, ਸੋਢੀ ਬਿਜਲੀ ਬੋਰਡ, ਸੁਮਨ ਪੀਓ, ਲਕਸ਼ਵੀਰ ਰੰਧਾਵਾ, ਡਾ. ਅਜੀਤਪਾਲ ਸਿੰਘ, ਸੁਰਜੀਤ ਸਿੰਘ ਪਿੰਦਾ ਲਹਿਰਕਾ ਆਦਿ ਹਾਜ਼ਰ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media