Friday, March 20, 2026

ਰੇਲਾਂ ਬਹਾਲ ਹੋਣ ਨਾਲ ਆਟੋ ਚਾਲਕਾਂ ਵਿਚ ਖੁਸ਼ੀ ਦੀ ਲਹਿਰ

35000 ਦੇ ਕਰੀਬ ਆਟੋ ਚਾਲਕ ਪਰਿਵਾਰਾਂ ਦਾ ਰੋਜ਼ੀ ਰੋਟੀ ਦਾ ਸੰਕਟ ਟਲਿਆ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਲਾਕਡਾਊਨ ਤੋਂ ਬਾਅਦ ਰੇਲ ਗੱਡੀਆਂ ਬੰਦ ਹੋਣ ਨਾਲ ਅੰਮ੍ਰਿਤਸਰ ਵਿਖੇ ਰੋਜ਼ਾਨਾ ਆਉਣ ਵਾਲੇ ਲਗਭਗ ਇੱਕ ਲੱਖ ਦੇ ਕਰੀਬ ਯਾਤਰੀਆਂ ਦੀ ਆਮਦ ‘ਚ ਆਈ ਵੱਡੀ ਕਮੀ ਆਈ ਸੀ।ਜਿਸ ਕਰਕੇ ਸੈਰ ਸਪਾਟਾ ਸਨਅਤ ਨੂੰ ਵੱਡਾ ਖੋਰਾ ਲੱਗਣ ਦੇ ਨਾਲ ਸ਼ਹਿਰ ਵਿੱਚ ਚੱਲਦੇ 35000 ਦੇ ਕਰੀਬ ਆਟੋ ਚਾਲਕਾਂ ਦੇ ਪਰਿਵਾਰਾਂ ਨੂੰ ਰੋਟੀ ਦੇ ਲਾਲੇ ਪੈ ਗਏ ਸਨ।ਪਰ ਹੁਣ ਰੇਲਾਂ ਦੇ ਬਹਾਲ ਹੋਣ ਨਾਲ ਆਟੋ ਚਾਲਕ ਖੁਸ਼ ਹਨ ਅਤੇ ਉਨਾਂ ਨੂੰ ਮੁੜ ਚੰਗੇ ਦਿਨਾਂ ਦੀ ਆਸ ਬੱਝੀ ਹੈ।
                ਆਟੋ ਚਾਲਕ ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਯੂ.ਕੇ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 35 ਹਜਾਰ ਆਟੋ ਚਾਲਕ ਹਨ, ਜੋ ਆਪਣੇ ਕਰੀਬ 1.50 ਲੱਖ ਪਰਿਵਾਰਕ ਮੈਬਰਾਂ ਲਈ ਰੋਟੀ ਰੋਜ਼ੀ ਰੋਜ਼ਾਨਾ ਸ਼ਹਿਰ ਆਏ ਸ਼ਰਧਾਲੂਆਂ ਅਤੇ ਸੈਲਾਨੀਆਂ ਪਾਸੋਂ ਕਮਾਉਂਦੇ ਸਨ।ਰੇਲਾਂ ਦੇ ਬੰਦ ਹੋਣ ਨਾਲ ਅੰਮ੍ਰਿਤਸਰ ਵਿਖੇ ਭਾਰੀ ਗਿਣਤੀ ‘ਚ ਬਾਹਰੋਂ ਆਉਣ ਵਾਲੇ ਯਾਤਰੀ ਇਕ ਦਮ ਰੁੱਕ ਗਏ, ਜਿਸ ਕਰਕੇ ਇੰਨਾਂ੍ਹ ਆਟੋ ਚਾਲਕਾਂ ਪਰਿਵਾਰਾਂ ਨੂੰ ਰੋਟੀ ਦਾ ਸੰਕਟ ਖੜਾ ਹੋ ਗਿਆ ਸੀ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਲਾਕਡਾਊਨ ਕਰਕੇ ਆਟੋ ਚਾਲਕਾਂ ਨੂੰ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਆਟੋ ਵਿੱਚ ਹੀ ਫਲ ਤੇ ਸ਼ਬਜੀ ਆਦਿ ਵੇਚਣ ‘ਤੇ ਮਜ਼ਬੂਰ ਹੋਣਾ ਪਿਆ ਸੀ। ਲਾਕਡਾਊਨ ਤੋ ਬਾਅਦ ਅਜੇ ਥੋੜ੍ਹੇ ਦਿਨ ਹੀ ਕੰਮ ਚੱਲਿਆ ਸੀ ਕਿ ਕਿਸਾਨ ਯੂਨੀਅਨਾਂ ਦੇ ਧਰਨੇ ਕਾਰਨ ਰੇਲਾਂ ਬੰਦ ਹੋ ਗਈਆਂ, ਜਿਸ ਕਰਕੇ ਇਹ ਦਿਹਾੜੀਦਾਰ ਕਾਮੇ ਬੁਰੀ ਤਰਾਂ ਪਰੇਸ਼ਾਨ ਸਨ।
                    ਆਟੋ ਚਾਲਕ ਯੂਨੀਅਨ ਦੇ ਪ੍ਰਧਾਨ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾ ਦੇ ਯਤਨਾਂ ਸਦਕਾ ਕਿਸਾਨਾਂ ਵਲੋ ਰੇਲਵੇ ਟਰੈਕਾਂ ਤੋ ਆਪਣਾ ਧਰਨਾ ਚੁੱਕ ਲਿਆ ਗਿਆ ਹੈ ਅਤੇ ਹੁਣ ਰੇਲਾਂ ਦੀ ਆਵਾਜਾਈ ਬਹਾਲ ਹੋਣ ਦੇ ਨਾਲ ਯਾਤਰੀ ਮੁੜ ਅੰਮ੍ਰਿਤਸਰ ਆਉਣ ਨਾਲ ਆਟੋ ਚਾਲਕਾਂ ਦੇ ਪਰਿਵਾਰਾਂ ‘ਤੇ ਛਾਇਆ ਰੋਜ਼ੀ ਰੋਟੀ ਦਾ ਸੰਕਟ ਵੀ ਖ਼ਤਮ ਹੋ ਗਿਆ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …