ਬਲਾਕ ਪੱਧਰੀ ਟਾਸਕ ਫੋਰਸਾਂ ਦਾ ਵੀ ਹੋਵੇਗਾ ਗਠਨ-ਪਹਿਲੇ ਦੌਰ ‘ਚ ਸਿਹਤ ਵਰਕਰ ਹੋਣਗੇ ਕਵਰ
ਕਪੂਰਥਲਾ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵੈਕਸ਼ੀਨੇਸ਼ਨ ਵਾਸਤੇ ਜਿਲਾ ਪ੍ਰਸ਼ਾਸ਼ਨ ਵਲੋਂ ਵਿਆਪਕ ਯੋਜਨਾਬੰਦੀ
ਕੀਤੀ ਜਾ ਰਹੀ ਹੈ ਤਾਂ ਜੋ ਹਰ ਜਿਲਾ ਵਾਸੀ ਨੂੰ ਵੈਕਸੀਨ ਦਿੱਤੀ ਜਾ ਸਕੇ।ਇਸ ਸਬੰਧੀ ਜਿਲਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ `ਆਪਰੇਸ਼ਨਲ ਪਲਾਨਿੰਗ` ਦੀ ਵਿਸਥਾਰ ਨਾਲ ਜਾਣਕਾਰੀ ਲਈ।
ਉਨਾਂ ਵਧੀਕ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬਲਾਕ ਪੱਧਰ `ਤੇ ਵੀ ਟਾਸਕ ਫੋਰਸ ਦਾ ਗਠਨ ਕਰਨ ਅਤੇ ਸੀਨੀਅਰ ਮੈਡੀਕਲ ਅਫਸਰਾਂ ਸਮੇਤ ਵੈਕਸੀਨੇਸ਼ਨ ਪੁਆਇੰਟਾਂ, ਕੋਲਡ ਚੈਨ ਸੈਂਟਰ (ਜਿਥੇ ਵੈਕਸੀਨ ਰੱਖੀ ਜਾਣੀ ਹੈ) ਤੇ ਵੈਕਸੀਨੇਸ਼ਨ ਨਾਲ ਸੰਬੰਧਤ ਹੋਰ ਉਪਕਰਨਾਂ ਦੀ ਤਿਆਰੀ ਦਾ ਨਿੱਜੀ ਤੌਰ `ਤੇ ਜਾਇਜ਼ਾ ਲੈਣ।ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਸਿਹਤ ਵਰਕਰਾਂ ਨੂੰ ਵੈਕਸੀਨ ਲੱਗੇਗੀ ਅਤੇ 490 ਦੇ ਕਰੀਬ ਵੈਕਸੀਨੇਸ਼ਨ ਪੁਆਇੰਟ ਬਣਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਵਲੋਂ ਇਹ ਵੀ ਕਿਹਾ ਗਿਆ ਕਿ ਕੋਵਿਡ ਵੈਕਸੀਨ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਆਉਣ ਦੀ ਸੰਭਾਵਨਾ ਹੈ, ਜਿਸ ਲਈ ਪੂਰੀ ਤਿਆਰੀ ਰੱਖੀ ਜਾਏੇ।
ਡਾ. ਕੰਵਲਜੀਤ ਵਲੋਂ ਵੈਕਸੀਨ ਮੈਨੈਜਮੈਂਟ `ਤੇ ਇੱਕ ਪੇਸ਼ਕਾਰੀ ਵੀ ਦਿੱਤੀ ਗਈ।ਜਿਸ ਰਾਹੀਂ ਵੈਕਸੀਨ ਪਹਿਲ ਗਰੁੱਪ, ਵੈਕਸੀਨੇਟਰ ਟੀਮ, ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਕਿਹਾ ਕਿ ਵੈਕਸੀਨੇਸ਼ਨ ਲਈ ਵੱਖ-ਵੱਖ ਵਿਭਾਗਾਂ ਤੇ ਵਿਸ਼ੇਸ਼ ਕਰਕੇ ਪੁਲਿਸ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਦੀ ਜ਼ਰੂਰਤ ਹੈ।ਵੈਕਸੀਨ ਲਵਾਉਣ ਲਈ ਯੋਗ ਵਿਅਕਤੀਆਂ ਨੂੰ ਪੜਾਅਵਾਰ ਅਗਾਊਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਅਤੇ ਬਿਨਾਂ ਰਜਿਸਟ੍ਰੇਸ਼ਨ ਵੈਕਸੀਨ ਨਹੀਂ ਲੱਗੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾ, ਐਸ.ਡੀ.ਐਮ ਵਰਿੰਦਰ ਪਾਲ ਸਿੰਘ ਬਾਜਵਾ, ਐਸ.ਡੀ.ਐਮ ਸੁਲਤਾਨਪੁਰ ਡਾ. ਚਾਰੂਮਿਤਾ, ਐਸ.ਡੀ.ਐਮ ਫਗਵਾੜਾ ਪਵਿੱਤਰ ਸਿੰਘ, ਐਸ.ਡੀ.ਐਮ ਭੁਲੱਥ ਟੀ ਬੈਨਿਥ, ਡਾ. ਜੀ.ਐਸ ਬੇਦੀ, ਸੁਦੇਸ਼ ਸ਼ਰਮਾ, ਡਾ. ਸੁਖਵਿੰਦਰ ਕੌਰ ਹਾਜ਼ਰ ਸਨ।
Punjab Post Daily Online Newspaper & Print Media