Tuesday, March 31, 2026

ਘਰ ਜਾ ਕੇ ਕੀਤੀ ਜਾਵੇਗੀ ਟੀ.ਬੀ ਦੇ ਸ਼ੱਕੀ ਮਰੀਜ਼ਾਂ ਦੀ ਭਾਲ – ਸਿਵਲ ਸਰਜਨ

ਸਿਹਤ ਵਿਭਾਗ ਵਲੋਂ ਐਕਟਿਵ ਕੇਸ ਫਾਈਡਿੰਗ ਮੁਹਿੰਮ ਸ਼ੁਰੂ

ਕਪੂਰਥਲਾ, 21 ਦਸੰਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਟੀ.ਬੀ.ਐਲਿਮੀਨੇਸ਼ਨ ਪ੍ਰੋਗਰਾਮ ਦੇ ਤਹਿਤ ਸਿਹਤ ਵਿਭਾਗ ਕਪੂਰਥਲਾ ਵਲੋਂ ਟੀ.ਬੀ ਦੇ ਐਕਟਿਵ ਕੇਸ ਫਾਈਡਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ।
          ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਆ ਕਿ ਪੰਜਾਬ ਸਰਕਾਰ ਵਲੋਂ 15 ਦਸੰਬਰ ਤੋਂ 14 ਜਨਵਰੀ ਤੱਕ ਚਲਾਈ ਗਈ ਇਸ ਮੁਹਿੰਮ ਦਾ ਉਦੇਸ਼ ਘਰ ਘਰ ਜਾ ਕੇ ਟੀ.ਬੀ ਦੀ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤੇ ਟੀ.ਬੀ ਦੇ ਸ਼ੱਕੀ ਮਰੀਜ਼ਾਂ ਦੀ ਭਾਲ ਕਰ ਕੇ ਉਨ੍ਹਾਂ ਦੀ ਸਮੇਂ ਸਿਰ ਜਾਂਚ ਤੇ ਇਲਾਜ਼ ਕਰਨਾ ਹੈ ਤਾਂ ਕਿ 2025 ਤੱਕ ਟੀ.ਬੀ ਖਾਤਮੇ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ।
            ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਲਗਮ ਦੀ ਜਾਂਚ ਅਤੇ ਛਾਤੀ ਦਾ ਐਕਸਰੇ ਮੁਫਤ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿਚ ਸੀ.ਬੀ ਨੈਟ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ।
              ਸਿਵਲ ਸਰਜਨ ਵਲੋਂ ਅੱਜ ਜਿਲੇ ਵਿਚ ਐਕਟਿਵ ਕੇਸ ਫਾਈਡਿੰਗ ਮੁਹਿੰਮ ਦੀ ਸ਼ੁਰੂਆਤ ਕਰਕੇ ਟੀਮਾਂ ਨੂੰ ਰਵਾਨਾ ਕੀਤਾ ਗਿਆ। ਡਾ. ਕਿੰਦਰਪਾਲ ਬੰਗੜ ਕੰਨਸਲਟੈਂਟ ਟੀ.ਬੀ ਸਿਵਲ ਹਸਪਤਾਲ ਕਪੂਰਥਲਾ ਨੇ ਦੱਸਿਆ ਕਿ ਦੋ ਹਫਤੇ ਤੋਂ ਜਿਆਦਾ ਖਾਂਸੀ, ਹਲਕਾ ਹਲਕਾ ਬੁਖਾਰ ਆਉਣਾ, ਰਾਤ ਨੂੰ ਤਰੇਲੀਆਂ ਆਉਣਾ, ਭੁੱਖ ਨਾ ਲੱਗਣਾ, ਵਜਨ ਘੱਟ ਹੋ ਜਾਣਾ ਟੀ.ਬੀ ਦੇ ਲੱਛਣ ਹਨ।ਉਨ੍ਹਾਂ ਜੋਰ ਦਿੱਤਾ ਕਿ ਅਜਿਹੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਦੇ ਟੀ.ਬੀ ਕਲੀਨਿਕ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ।ਨਾਲ ਹੀ ਉਨ੍ਹਾਂ ਟੀ.ਬੀ ਦੀ ਰੈਗੂਲਰ ਦਵਾਈ ਲੈਣ ਤੇ ਡਾਕਟਰੀ ਸਲਾਹ ਨਾਲ ਹੀ ਦਵਾਈ ਦਾ ਕੋਰਸ ਬੰਦ ਕਰਨ ਦੀ ਸਲਾਹ ਦਿੱਤੀ।
          ਡੀ.ਟੀ.ਓ ਡਾ. ਮੀਨਾਕਸ਼ੀ ਨੇ ਦੱਸਿਆ ਕਿ ਪੂਰੇ ਜਿਲੇ ਵਿਚ ਇਕ ਮਹੀਨਾ ਚੱਲਣ ਵਾਲੀ ਇਸ ਮੁਹਿੰਮ ਲਈ 20 ਟੀਮਾਂ ਬਣਾਈਆਂ ਗਈਆਂ ਹਨ, ਜੋ ਘਰ ਘਰ ਜਾ ਕੇ ਟੀ.ਬੀ ਦੇ ਸ਼ੱਕੀ ਮਰੀਜ਼ਾਂ ਦੀ ਭਾਲ ਕਰਨਗੀਆਂ।
             ਇਸ ਮੌਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਪੰਕਜ ਮੜੀਆ, ਗੁਰਪਿੰਦਰ ਜੌਲੀ, ਰਾਮ ਸਿੰਘ, ਜੋਤੀ ਆਨੰਦ, ਰਵਿੰਦਰ ਜੱਸਲ, ਅਵਤਾਰ ਸਿੰਘ ਤੇ ਹੋਰ ਹਾਜਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …