Monday, June 15, 2026

ਆੜ੍ਹਤੀਆਂ ‘ਤੇ ਇਨਕਮ ਟੈਕਸ ਦੇ ਛਾਪੇ ਮਰਵਾ ਕੇ ਕਿਸਾਨ ਅੰਦੋਲਨ ਕਮਜ਼ੋਰ ਕਰਨ ਦੀ ਭੁੱਲ ਨਾ ਕਰੇ ਕੇਂਦਰ – ਭਲਵਾਨ

ਭੁਪਿੰਦਰ ਭਲਵਾਨ ਅਤੇ ਗਮਦੂਰ ਜਵੰਧਾ ਵਲੋਂ ਕਿਸਾਨ ਅੰਦੋਲਨ ਲਈ ਦਿੱਲੀ ਜਾਣ ਵਾਲੀ ਬੱਸ ਰਵਾਨਾ
ਧੂਰੀ, 21 ਦਸੰਬਰ (ਪ੍ਰਵੀਨ ਗਰਗ) – ਪ੍ਰੀਤ ਟਰੈਕਟਰ ਐਂਡ ਕੰਬਾਇਨ ਗਰੁੱਪ ਦੇ ਐਮ.ਡੀ. ਅਤੇ ਅਕਾਲੀ ਆਗੂ ਹਰੀ ਸਿੰਘ ਵੱਲੋਂ ਪਿਛਲੇ ਹਫਤੇ ਤੋਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਧੂਰੀ ਤੋਂ ਦਿੱਲੀ ਅਤੇ ਦਿੱਲੀ ਤੋਂ ਧੂਰੀ ਲਈ ਰੋਜਾਨਾ ਚਲਾਈਆਂ ਬੱਸਾਂ ਵਿੱਚ ਦਿੱਲੀ ਜਾਣ ਵਾਲੇ ਲੋਕਾਂ ਦੀ ਭੀੜ ਦਿਨ ਪ੍ਰਤੀਦਿਨ ਵੱਧਦੀ ਜਾ ਰਹੀ ਹੈ ਅਤੇ ਹੱਡ ਚੀਰਵੀਂ ਠੰਡ ਦੇ ਚਲਦਿਆਂ ਵੀ ਅੱਜ ਸਵਾਰੀਆਂ ਨਾਲ ਪੂਰੀ ਬੱਸ ਭਰ ਜਾਣ ਉਪਰੰਤ ਪ੍ਰੀਤ ਗਰੁੱਪ ਵੱਲੋਂ ਇੱਕ ਹੋਰ ਗੱਡੀ ਕਿਸਾਨਾਂ ਲਈ ਭੇਜਣ ਦਾ ਪ੍ਰਬੰਧ ਕੀਤਾ ਗਿਆ ਅਤੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਵਾਲੇ ਯਾਤਰੀਆਂ ਦੀ ਭਰੀ ਬੱਸ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਅਤੇ ਪਿੰਡ ਭਸੌੜ ਦੇ ਸਾਬਕਾ ਸਰਪੰਚ ਤੇ ਅਕਾਲੀ ਆਗੂ ਗਮਦੂਰ ਸਿੰਘ ਜਵੰਧਾ ਨੇ ਝੰਡੀ ਦੇ ਕੇ ਰਵਾਨਾ ਕੀਤਾ।
                 ਜੱਥੇਦਾਰ ਭੁਪਿੰਦਰ ਭਲਵਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦਾ ਪੱਖ ਪੂਰ ਰਹੇ ਆੜ੍ਹਤੀਆਂ ‘ਤੇ ਇਨਕਮ ਟੈਕਸ ਦੀ ਛਾਪੇਮਾਰੀ ਕਰਵਾ ਕੇ ਆਪਣੀ ਬੌਖਲਾਹਟ ਦਾ ਸਬੂਤ ਦਿੱਤਾ ਹੈ ਅਤੇ ਸਰਕਾਰ ਨੂੰ ਇੰਝ ਜਾਪਦਾ ਹੈ ਕਿ ਸ਼ਾਇਦ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਕਿਸਾਨ ਅੰਦੋਲਨ ਕਮਜੋਰ ਹੋ ਜਾਵੇਗਾ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆੜ੍ਹਤੀਆਂ ‘ਤੇ ਛਾਪੇਮਾਰੀ ਕਰਵਾ ਕੇ ਕਿਸਾਨ ਅੰਦੋਲਨ ਨੂੰ ਕਮਜੋਰ ਕਰਨ ਦੀ ਭੁੱਲ ਨਾ ਕਰੇ, ਬਲਕਿ ਦੇਸ਼ ਦੇ ਅੰਨਦਾਤੇ ਨਾਲ ਪਿਆਰ ਭਰਿਆ ਰਵੱਈਆ ਅਪਨਾ ਕੇ ਕਿਸਾਨ ਮਾਰੂ ਖੇਤੀ ਕਾਨੂੰਨ ਤੁਰੰਤ ਰੱਦ ਕਰੇ।ਗਮਦੂਰ ਸਿੰਘ ਜਵੰਧਾ ਨੇ ਕਿਹਾ ਕਿ ਅਕਾਲੀ ਆਗੂ ਹਰੀ ਸਿੰਘ ਵੱਲੋਂ ਮੁਫਤ ਬੱਸਾਂ ਭੇਜਣ ਦੀ ਨਿਭਾਈ ਜਾ ਰਹੀ ਇਹ ਸੇਵਾ ਸ਼ਲਾਘਾਯੋਗ ਹੈ।
                          ਇਸ ਮੌਕੇ ਨਰਪਿੰਦਰ ਸਿੰਘ ਸਾਧੋਹੇੜੀ, ਹਰਜਿੰਦਰ ਸਿੰਘ ਭਸੌੜ, ਡਾ. ਰਾਜਵੀਰ ਲਸੋਈ, ਜਗਦੇਵ ਸਿੰਘ ਭਸੌੜ, ਮਲਕੀਤ ਸਿੰਘ ਹਰਚੰਦਪੁਰ, ਗੁਰਮੇਲ ਸਿੰਘ ਭਸੌੜ, ਅਮਰੀਕ ਸਿੰਘ ਭਸੌੜ, ਸੁਰਜੀਤ ਸਿੰਘ ਮੂਲੋਵਾਲ, ਗੋਨਾ ਜਵੰਧਾ ਅਤੇ ਦਰਸ਼ਨ ਸਿੰਘ ਬਿਰਦੀ ਆਦਿ ਵੀ ਹਾਜ਼ਰ ਸਨ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …