ਕਿਸਾਨ ਅੰਦੋਲਨ ਦੀ ਜਿੱਤ ਉਪਰੰਤ ਹੀ ਕਰਾਂਗਾ ਵਾਪਸੀ – ਸਿੰਗਲਾ
ਧੂਰੀ, 2 ਜਨਵਰੀ (ਪ੍ਰਵੀਨ ਗਰਗ) – ਧੂਰੀ ਦੇ ਉਘੇ ਸਮਾਜਸੇਵੀ ਸੰਦੀਪ ਸਿੰਗਲਾ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਮੁੱਢ ਤੋਂ ਹੀ ਕਿਸਾਨਾਂ
ਦੇ ਧਰਨੇ ਵਿੱਚ ਸ਼ਾਮਿਲ ਰਹੇ ਹਨ। ਕੜਾਕੇ ਦੀ ਇਸ ਠੰਡ ਵਿੱਚ ਆਪਣੀ ਟੀਮ ਸਮੇਤ ਕਿਸਾਨਾਂ ਦੀ ਹਰ ਤਰਾਂ ਦੀ ਮੱਦਦ ਦਿਲੋਂ ਜਾਨ ਨਾਲ ਕਰ ਰਹੇ ਸਿੰਗਲਾ ਨੇ ਕਿਹਾ ਕਿ ਉਹ ਆਪਣੀ ਟੀਮ ਸਮੇਤ ਪਿਛਲੀ 25 ਨਵੰਬਰ ਤੋਂ ਦਿੱਲੀ ਵਿਖੇ ਟਿਕਰੀ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਹਨ ਅਤੇ ਕਿਸਾਨ ਅੰਦੋਲਨ ਦੀ ਜਿੱਤ ਉਪਰੰਤ ਹੀ ਘਰ ਵਾਪਸੀ ਕੀਤੀ ਜਾਵੇਗੀ।ਉਹਨਾਂ ਦੱਸਿਆ ਕਿ ਦਿੱਲੀ ਧਰਨੇ ਵਿੱਚ ਉਹਨਾਂ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਮੁਫਤ ਮੈਡੀਕਲ ਸੇਵਾਵਾਂ 24 ਘੰਟੇ ਚੱਲ ਰਹੀਆਂ ਹਨ, ਜਿਸ ਦਾ ਕਿਸਾਨ ਭਰਾਵਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ।ਉਹਨਾਂ ਦੱਸਿਆ ਕਿ ਲੰਗਰ ਦੀ ਸੇਵਾ ਵੀ ਲਗਾਤਾਰ ਜਾਰੀ ਹੈ।ਸੰਦੀਪ ਸਿੰਗਲਾ ਖੁਦ ਵੀ ਕਿਸਾਨ ਭਰਾਵਾਂ ਦੀ ਸੇਵਾ ਵਿੱਚ ਦਿਨ-ਰਾਤ ਜੁੱਟੇ ਹੋਏ ਹਨ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ‘ਤੇ ਧਿਆਨ ਦਿੰਦੇ ਹੋਏ ਇਹ ਕਾਲੇ ਕਾਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ ਹਨ, ਕਿਉਂਕਿ ਇਸ ਕੜਾਕੇ ਦੀ ਸਰਦੀ ਵਿੱਚ ਬੱਚੇ, ਬਜ਼ੁਰਗ ਅਤੇ ਮਾਤਾਵਾਂ ਇਸ ਅੰਦੋਲਨ ਵਿੱਚ ਸ਼ਾਮਿਲ ਹਨ।ਇਸ ਲਈ ਉਹਨਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਕੇਂਦਰ ਨੂੰ ਆਪਣੀ ਇਹ ਜਿੱਦ ਛੱਡ ਦੇਣੀ ਚਾਹੀਦੀ ਹੈ।
Punjab Post Daily Online Newspaper & Print Media