12 ਫਰਵਰੀ ਰਾਤ 12 ਵਜੇ ਤੱਕ ਆਪਣੀ ਦਾਅਵੇਦਾਰੀ ਪੇਸ਼ ਕਰ ਸਕਣਗੇ ਵਿਦਿਆਰਥੀ- ਜਿਲ੍ਹਾ ਅਧਿਕਾਰੀ
ਪਠਾਨਕੋਟ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ
ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਭਾਸ਼ਣ ਮੁਕਾਬਲੇ ਅੱੱਜ ਤੋਂ ਜਿਲ੍ਹਾ ਪਠਾਨਕੋਟ ਵਿੱਚ ਆਰੰਭ ਹੋ ਗਏ ਹਨ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸ਼ਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿਚ ਸ਼ੁਰੂ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਅਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਵਲੋਂ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਸਿੱਖਿਆਂਵਾਂ ਅਤੇ ਜੀਵਨ ਤੇ ਭਾਸ਼ਣ ਪੇਸ਼ ਕਰਨਗੇ ਅਤੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਗੇ।
ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਵੀ ਤਿੰਨੇ ਵਰਗਾਂ ‘ਚ ਹਿੱਸਾ ਲੈਣਗੇ।ਜਿਲ੍ਹਾ ਸਿੱਖਿਆ ਅਫਸਰ (ਸੈ.) ਵਰਿੰਦਰ ਪਰਾਸਰ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਰਵਾਏ ਜਾ ਰਹੇ ਇੰਨ੍ਹਾਂ ਭਾਸ਼ਣ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 10 ਤੋਂ 12 ਫਰਵਰੀ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ‘ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ।ਸਾਰੇ ਵਰਗਾਂ ਦੇ ਪ੍ਰਤੀਯੋਗੀਆਂ ਲਈ ਭਾਸ਼ਣ ਦਾ ਸਮਾਂ 3 ਤੋਂ 5 ਮਿੰਟ ਦਾ ਸਮਾਂ ਰਖਿਆ ਗਿਆ ਹੈ।ਭਾਸ਼ਣ ਪੂਰੀ ਤਰ੍ਹਾਂ ਗੁਰ ਮਰਿਆਦਾ ਤੇ ਨਿਯਮਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਜੀਵਨ, ਸਿਧਾਂਤਾਂ, ਉਦੇਸ਼ਾਂ, ਉਸਤਤ ਤੇ ਕੁਰਬਾਨੀ ‘ਤੇ ਅਧਾਰਿਤ ਪੇਸ਼ ਕੀਤੇ ਜਾਣਗੇ।ਪੜ੍ਹ ਕੇ ਭਾਸਣ ਉਚਾਰਨ ਦੀ ਪੂਰਨ ਮਨਾਹੀ ਹੋਵੇਗੀ। ਭਾਸਣ ਪੰਜਾਬੀ/ਅੰਗਰੇਜ਼ੀ/ਹਿੰਦੀ ਭਾਸ਼ਾ ‘ਚ ਦਿੱਤਾ ਜਾ ਸਕਦਾ ਹੈ। ਭਾਸਣ ਦੀ ਲਗਾਤਾਰਤਾ ‘ਚ ਵੀਡੀਓ ਬਣਾਉਣ ਸਮੇਂ ਸਿਰਫ ਪ੍ਰਤੀਯੋਗੀ ਹੀ ਵੀਡੀਓ ‘ਚ ਦਿਖਾਈ ਦੇ ਸਕਦਾ ਹੈ।11 ਫਰਵਰੀ ਨੂੰ ਵੱਖ-ਵੱਖ ਸਕੂਲਾਂ ਦੇ ਪਹਿਲੇ ਸਥਾਨ ‘ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆਂ ਵੀਡੀਓਜ਼ ਦੇ ਲਿੰਕ ਅਤੇ ਬਾਕੀ ਪ੍ਰਤੀਯੋਗੀਆਂ ਦੇ ਵੇਰਵੇ ਸਬੰਧਤ ਸਕੂਲ ਮੁਖੀ ਤੇ ਅਧਿਆਪਕ ਵਿਭਾਗ ਦੀ ਤਕਨੀਕੀ ਟੀਮ ਵਲੋਂ ਦਿੱਤੇ ਗਏ ਗੂਗਲ ਫਾਰਮ ‘ਚ ਭਰਨਗੇ। ਇਸ ਤੋਂ ਬਾਅਦ ਜਿਲ੍ਹਾ ਤਕਨੀਕੀ ਟੀਮ ਵਲੋਂ ਬਲਾਕ ਅਤੇ ਜਿਲ੍ਹੇ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਕੀਤੀ ਜਾਵੇਗੀ।
ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ, ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ, ਜਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਕਮਲ ਕਿਸੋਰ, ਤਰੁਣ ਪਠਾਨੀਆ ਕਲਰਕ ਦਫਤਰ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
Punjab Post Daily Online Newspaper & Print Media