ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦੇ ਕੇ ਬੱਸ ਨੂੰ ਕੀਤਾ ਰਵਾਨਾ
ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਬੱਸਾਂ ਵਿਚ ਔਰਤਾਂ
ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਾ ਵਰਚੂਅਲ ਤੌਰ ‘ਤੇ ਆਗਾਜ਼ ਕੀਤਾ।ਜ਼ਿਲਾ੍ਹ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਅਸਲ ਵਿੱਚ ਉਨ੍ਹਾਂ ਦੀ ਸਰਕਾਰ ਨੇ ਔਰਤਾਂ ਲਈ ਟਿਕਟ ਦਰ ਵਿੱਚ 50 ਫੀਸਦੀ ਕਟੌਤੀ ਦਾ ਵਾਅਦਾ ਕੀਤਾ ਸੀ, ਪਰ ਇਸ ਤੋਂ ਵੀ ਇਕ ਕਦਮ ਅੱਗੇ ਵੱਧਦੇ ਹੋਏ ਇਸ ਸਹੂਲਤ ਨੂੰ ਔਰਤਾਂ ਲਈ ਬਿਲਕੁੱਲ ਮੁਫ਼ਤ ਕਰ ਦਿੱਤਾ ਗਿਆ ਹੈ।ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਟਰਾਂਸਪੋਰਟ ਵਿਭਾਗ ਵਾਹਨਾਂ ਦੀ ਟਰੈਕਿੰਗ ਲਈ ਸਾਰੀਆਂ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਿੱਚ ਜੀ.ਪੀ.ਐਸ ਸਿਸਟਮ ਲਗਾਉਣ ਜਾ ਰਿਹਾ ਹੈ ਅਤੇ ਮੁਸ਼ਕਲ ਸਮੇਂ ਦੌਰਾਨ ਪੈਨਿਕ ਬਟਨ ਦੀ ਸਹੂਲਤ ਵੀ ਹੋਵੇਗੀ।
ਇਸ ਉਪਰੰਤ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸਥਾਨਕ ਬੱਸ ਅੱਡੇ ‘ਤੇ ਜਾ ਕੇ ਰੋਡਵੇਜ਼ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਬਟਾਲੇ ਲਈ ਰਵਾਨਾ ਕੀਤਾ।ਖਹਿਰਾ ਨੇ ਦੱਸਿਆ ਕਿ ਮੁਫ਼ਤ ਸਫਰ ਸਕੀਮ ਦਾ ਰਾਜ ਵਿੱਚ 1.31 ਕਰੋੜ ਔਰਤਾਂ ਤੇ ਲੜਕੀਆਂ ਨੂੰ ਫਾਇਦਾ ਹੋਵੇਗਾ।ਉਨ੍ਹਾਂ ਦੱਸਿਆ ਕਿ ਮੁਫ਼ਤ ਸਫਰ ਸਹੂਲਤ ਲਈ ਸਿਰਫ ਅਧਾਰ ਜਾ ਵੋਟਰ ਕਾਰਡ ਜਾਂ ਕੋਈ ਵੀ ਸ਼ਨਾਖਤੀ ਕਾਰਡ ਦਿਖਾ ਕੇ ਸਰਕਾਰੀ ਗੈਰ ਏ.ਸੀ ਬੱਸਾਂ ਤੇ ਸੂਬੇ ਵਿੱਚ ਚੱਲਣ ਵਾਲੀਆਂ ਬੱਸਾਂ ਵਿੱਚ ਮੁਫ਼ਤ ਸਫਰ ਕਰ ਸਕਦੀਆਂ ਹਨ।ਇਸ ਸਹੂਲਤ ਨਾਲ ਕੰਮਕਾਜੀ ਔਰਤਾਂ ਅਤੇ ਪੜ੍ਹਾਈ ਲਈ ਜਾਣ ਵਾਲੀਆਂ ਲੜਕੀਆਂ ਨੂੰ ਕਾਫੀ ਫਾਇਦਾ ਮਿਲੇਗਾ।
ਜਿਲ੍ਹਾ ਪ੍ਰੋਗਰਾਮ ਅਫਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਿਲੇ੍ਹ ਅੰਦਰ 99 ਵੱਖ-ਵੱਖ ਲੋਕੇਸ਼ਨਾਂ ‘ਤੇ ਇਸ ਵੀਡੀਓ ਕਾਨਫਰੰਸ ਨੂੰ ਦੇਖਿਆ ਗਿਆ
ਇਸ ਮੌਕੇ ਸਹਾਇਕ ਕਮਿਸ਼ਨਰ ਮੈਡਮ ਅਨਮਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੁੱਧਲ, ਪੰਜਾਬ ਰੋਡਵੇਜ ਦੇ ਜਨਰਲ ਮੈਨੇਜਰ ਚਰਨਜੀਤ ਸਿੰਘ ਬਰਾੜ, ਐਸ.ਐਸ.ਯੂ.ਆਈ ਪੰਜਾਬ ਦੇ ਪ੍ਰਧਾਨ ਅਕਸ਼ੈ ਸ਼ਰਮਾ, ਸੀ.ਡੀ.ਪੀ.ਓ ਜਸਪ੍ਰ੍ਰਤ ਸਿੰਘ, ਮੀਨਾ ਦੇਵੀ, ਕੁਲਦੀਪ ਕੌਰ, ਡੀ.ਆਈ.ਓ ਰਣਜੀਤ ਸਿੰਘ, ਸੁਪਰਵਾਈਜਰ ਪੰਜਾਬ ਰੋਡਵੇਜ ਅਨਿਲ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media