ਪਹਿਲੇ ਪੜਾਅ `ਚ 6 ਜ਼ਿਲ੍ਹਿਆਂ ਦੀਆਂ ਕੇਂਦਰੀ ਜੇਲ੍ਹਾਂ ਦੀ ਚੋਣ, 25 ਤੋਂ 30 ਲੱਖ ਆਵੇਗਾ ਖਰਚ
ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਡਾ. ਐਸ.ਪੀ ਸਿੰਘ ਓਬਰਾਏ
ਨੇ ਹੁਣ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੂਬੇ ਦੀਆਂ ਸਾਰੀਆਂ ਜੇਲ੍ਹਾਂ ‘ਚ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ `ਚੋਂ ਹੀ ਹਰ ਸਾਲ ਕਰੋੜਾਂ ਰੁਪਏ ਖਰਚ ਕਰ ਕੇ ਦੇਸ਼ ਵਿਦੇਸ਼ ‘ਚ ਲੋੜਵੰਦਾਂ ਦੀ ਔਖੇ ਵੇਲੇ ਬਾਂਹ ਫੜਨ ਵਾਲੇ ਸਰਦਾਰ ਨੇ ਜੇਲਾਂ ‘ਚ ਬੰਦ ਕੈਦੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਮੱਹਤਵਪੂਰਨ ਫੈਸਲਾ ਲਿਆ ਹੈ।
ਡਾ. ਐਸ.ਪੀ ਸਿੰਘ ਓਬਰਾਏ ਨੇ ਅੱਜ ਜਾਰੀ ਬਿਆਨ ਵਿੱਚ ਦੱਸਿਆ ਕਿ ਕੈਦੀਆਂ ਦੇ ਮੁੜ ਵਸੇਬੇ, ਭਲਾਈ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਬਣੇ ਜੇਲ੍ਹ ਬੋਰਡ ਦੇ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਨਾਲ ਆਨਲਾਈਨ ਇੱਕ ਵਿਸ਼ੇਸ਼ ਮੀਟਿੰਗ ਕੀਤੀ ਸੀ।ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਜੇਲ੍ਹਾਂ ‘ਚ ਬੰਦ ਬਿਮਾਰ ਕੈਦੀਆਂ ਨੂੰ ਜੇਲ੍ਹ ਤੋਂ ਬਾਹਰ ਲਿਜਾ ਕੇ ਟੈਸਟ ਕਰਾਉਣ ਦੀ ਔਖੀ ਤੇ ਖਰਚੀਲੀ ਪ੍ਰਕਿਰਿਆ ਦਾ ਹਵਾਲਾ ਦਿੰਦਿਆਂ ਸਰਬੱਤ ਦਾ ਭਲਾ ਟਰੱਸਟ ਵਲੋਂ ਜੇਲ੍ਹਾਂ ਦੇ ਅੰਦਰ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ ਖੋਲ੍ਹਣ ਦੀ ਤਜਵੀਜ਼ ਰੱਖੀ ਸੀ।ਜਿਸ ‘ਤੇ ਮੁੱਖ ਮੰਤਰੀ ਵਲੋਂ ਤੁਰੰਤ ਆਪਣੀ ਸਹਿਮਤੀ ਦਿੰਦਿਆਂ ਇਸ ਤਜ਼ਵੀਜ ‘ਤੇ ਮੋਹਰ ਲਾ ਦਿੱਤੀ ਗਈ।ਉਨ੍ਹਾਂ ਕਿਹਾ ਕਿ ਇਸ ਉਪਰੰਤ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਸਾਂਝੇ ਤੌਰ ‘ਤੇ ਫੈਸਲਾ ਕੀਤਾ ਕਿ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ 6 ਜਿਲ੍ਹਿਆਂ ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਲੁਧਿਆਣਾ, ਜਲੰਧਰ, ਫਰੀਦਕੋਟ ਦੀਆਂ ਕੇਂਦਰੀ ਜੇਲ੍ਹਾਂ `ਚ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ ਖੋਲ੍ਹੀਆਂ ਜਾਣਗੀਆਂ।ਜਦਕਿ ਅਗਲੇ ਪੜਾਵਾਂ `ਚ ਬਾਕੀ ਬਚਦੇ ਜ਼ਿਲ੍ਹਿਆਂ ਦੀਆਂ ਕੇਂਦਰੀ ਅਤੇ ਸਬ ਜੇਲ੍ਹਾਂ ਵਿੱਚ ਵੀ ਇਹ ਸਹੂਲਤ ਦਿੱਤੀ ਜਾਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਇਕ ਲੈਬਾਰਟਰੀ ਖੋਲ੍ਹਣ ‘ਤੇ ਉਨ੍ਹਾਂ ਦਾ ਕਰੀਬ 25 ਤੋਂ 30 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਅੰਦਰ ਪ੍ਰਾਈਵੇਟ ਲੈਬਾਰਟਰੀਆਂ ਦੇ ਮੁਕਾਬਲੇ ਕੇਵਲ 10 ਫ਼ੀਸਦੀ ਭਾਵ ਲਾਗਤ ਮੁੱਲ ਹੀ ਵਸੂਲਿਆ ਜਾਵੇਗਾ।ਇਸ ਨਾਲ ਜਿਥੇ ਕੈਦੀਆਂ ਨੂੰ ਜੇਲ੍ਹ ਅੰਦਰ ਹੀ ਇਕ ਵੱਡੀ ਸਹੂਲਤ ਮਿਲੇਗੀ ਉਥੇ ਹੀ ਸਰਕਾਰ ਵਲੋਂ ਕੈਦੀਆਂ ਨੂੰ ਟੈਸਟ ਆਦਿ ਕਰਵਾਉਣ ਲਈ ਜੇਲ੍ਹਾਂ ਤੋਂ ਬਾਹਰ ਲੈ ਕੇ ਜਾਣ ‘ਤੇ ਸਕਿਉਰਿਟੀ ‘ਤੇ ਆਉਂਦੇ ਵੱਡੇ ਖਰਚ ਤੋਂ ਵੀ ਨਿਜ਼ਾਤ ਮਿਲਣ ਦੇ ਨਾਲ-ਨਾਲ ਸਮੇਂ ਦੀ ਵੀ ਬਚਤ ਹੋਵੇਗੀ।
ਡਾ. ਓਬਰਾਏ ਅਨੁਸਾਰ ਕੈਬਨਿਟ ਮੰਤਰੀ ਰੰਧਾਵਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਾਰੇ ਪ੍ਰਾਜੈਕਟ ਦੌਰਾਨ ਉਹ ਨਿੱਜੀ ਦਿਲਚਸਪੀ ਲੈ ਕੇ ਟਰੱਸਟ ਨੂੰ ਹਰ ਪੱਖ ਤੋਂ ਸਹਿਯੋਗ ਦੇਣਗੇ।ਉਨ੍ਹਾਂ ਨੇ ਇਸ ਸਬੰਧੀ ਜੇਲ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ।ਟਰੱਸਟ ਦੀਆਂ ਟੀਮਾਂ ਵਲੋਂ ਇਕ ਹਫ਼ਤੇ ਦੇ ਅੰਦਰ ਸਾਰੀਆਂ ਜੇਲ੍ਹਾਂ ਦਾ ਸਰਵੇਖਣ ਕਰਨ ਉਪਰੰਤ ਬਹੁਤ ਜਲਦ ਹੀ ਜੇਲ੍ਹਾਂ `ਚ ਲੈਬਾਰਟਰੀਆਂ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ।
Punjab Post Daily Online Newspaper & Print Media