ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ (ਵਿਸਾਖੀ) ਪੁਰਬ ਤਖਤ ਸਾਹਿਬ ‘ਤੇ ਸ਼ਰਧਾ ਸਹਿਤ ਮਨਾਉਣ ਸਮੇਂ ਪੰਜ ਪਿਆਰੇ ਸਾਹਿਬਾਨ ਵਲੋਂ ਜਾਰੀ ਕੀਤੇ ਗੁਰਮਤੇ ਦਾ ਪੂਰਨ ਅਦਬ ਸਤਿਕਾਰ ਕਰਦੇ ਹੋਏ ਸਹਿਯੋਗ ਦੇਣ ‘ਤੇ ਸੰਗਤਾਂ ਦਾ ਧੰਨਵਾਦ ਕੀਤਾ ਹੈ।
ਪ੍ਰਧਾਨ ਮਿਨਹਾਸ ਨੇ ਕਿਹਾ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਜਨਾ ਦਿਵਸ (ਵਿਸਾਖੀ) ਪੁਰਬ ਧਾਰਮਿਕ ਰਵਾਇਤਾਂ ਅਨੁਸਾਰ ਮਨਾਇਆ ਗਿਆ।ਮੌਜ਼ੂਦਾ ਹਾਲਾਤ ‘ਚ ਨਾਂਦੇੜ ਸ਼ਹਿਰ ਤੇ ਮਹਾਰਾਸ਼ਟਰ ਸੂਬੇ ਵਿਚ ਕਰੋਨਾ ਮਹਾਂਮਾਰੀ ਕਰਕੇ 5 ਤੋਂ 30 ਅਪ੍ਰੈਲ ਤੱਕ ਦਾ ਲਾਕਡਾਉਨ ਐਲਾਨਿਆ ਗਿਆ ਸੀ।ਸਰਕਾਰੀ ਹੁਕਮਾਂ ਅਨੁਸਾਰ ਸਾਰੇ ਧਾਰਮਿਕ ਸਥਾਨਾਂ ‘ਤੇ ਧਾਰਮਿਕ ਸਮਾਗਮ, ਨਗਰ ਕੀਰਤਨ ਅਤੇ ਸੰਗਤਾਂ ਦੇ ਇਕੱਠ ‘ਤੇ ਸਖਤ ਪਾਬੰਦੀਆਂ ਲਗਾਈਆਂ ਗਈਆਂ ਸਨ।ਸਖਤ ਪਾਬੰਦੀਆਂ ਕਰਕੇ ਸਰਕਾਰ ਵਲੋਂ ਦਿੱਤੇ ਗਏ ਹੁਕਮਾਂ ਅਨੁਸਾਰ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਧਾਨ ਵਜੋਂ ਉਨਾਂ ਉਕਤ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
ਸਰਕਾਰੀ ਪਾਬੰਦੀਆਂ ਬਾਰੇ ਮਾਨਯੋਗ ਪੰਜ ਪਿਆਰੇ ਸਾਹਿਬਾਨ ਨੇ ਮੀਟਿੰਗ ਕਰਕੇ ਇਹਨਾਂ ਹਾਲਾਤਾਂ ਬਾਰੇ ਵਿਚਾਰ ਕਰਕੇ ਗੁਰਮਤਾ ਕੀਤਾ ਸੀ ਕਿ ਵਰਤਮਾਨ ਸਮੇਂ ਵਿੱਚ ਮਹਾਂਮਾਰੀ ਵੱਡੇ ਪੱਧਰ ‘ਤੇ ਫੈਲ ਰਹੀ ਹੈ।ਇਸ ਕਰਕੇ ਸੰਗਤਾਂ ਦੀ ਭਲਾਈ ਲਈ ਮਹਾਂਮਾਰੀ ਤੋਂ ਬਚਾਅ ਵਾਸਤੇ ਇਸ ਸਾਲ ਖਾਲਸਾ ਪੰਥ ਸਾਜਨਾ ਦਿਵਸ ਵਿਸਾਖੀ ‘ਤੇ ਤਖਤ ਸਾਹਿਬ ਵਿਖੇ ਧਾਰਮਿਕ ਰਵਾਇਤਾਂ ਅਨੁਸਾਰ ਅੰਮ੍ਰਿਤ ਸੰਚਾਰ, ਪਾਠ ਅਤੇ ਹੋਰ ਤਿਲਕ ਆਦਿ ਦੀ ਧਾਰਮਿਕ ਮਰਿਯਾਦਾ ਪੂਰਨ ਕੀਤੀ ਜਾਵੇਗੀ ਅਤੇ ਵਿਸਾਖੀ ਦਾ ਮਹੱਲਾ ਸਿਰਫ ਕਰੋਨਾ ਬੀਮਾਰੀ ਦੇ ਮੌਜ਼ੂਦਾ ਹਾਲਾਤ ਦੀ ਮਜ਼ਬੂਰੀ ਹੋਣ ਕਾਰਨ ਰੱਦ ਕੀਤਾ ਜਾਂਦਾ ਹੈ।
ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਸਿੰਘ ਸਾਹਿਬ ਭਾਈ ਰਾਮ ਸਿੰਘ, ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ, ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ, ਧੂਪੀਆ ਭਾਈ ਜੋਗਿੰਦਰ ਸਿੰਘ, ਪੰਜ ਪਿਆਰੇ ਸਾਹਿਬਾਨ, ਬਾਬਾ ਬਲਵਿੰਦਰ ਸਿੰਘ ਲੰਗਰ ਸਾਹਿਬ ਵਾਲੇ, ਗੁਰਦੁਆਰਾ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ , ਗੁਰਿੰਦਰ ਸਿੰਘ ਬਾਵਾ ਮੀਤ ਪ੍ਰਧਾਨ, ਰਵਿੰਦਰ ਸਿੰਘ ਬੁੰਗਈ ਸਕੱਤਰ, ਪਰਮਜੋਤ ਸਿੰਘ ਚਾਹੇਬ ਕੋਆਡੀਨੇਟਰ, ਮਨਪ੍ਰੀਤ ਸਿੰਘ ਕੁੰਜ਼ੀ ਵਾਲੇ ਮੈਂਬਰ, ਗੁਰਜੀਤ ਸਿੰਘ ਮਹਾਜਨ ਮੈਂਬਰ, ਗੋਬਿੰਦ ਸਿੰਘ ਲੌਂਗੋਵਾਲ ਮੈਂਬਰ, ਰਘੂਜੀਤ ਸਿੰਘ ਵਿਰਕ ਮੈਂਬਰ ਅਤੇ ਮੈਨੇਜਿੰਗ ਕਮੇਟੀ ਮੈਂਬਰਾਂ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ (ਵਿਸਾਖੀ) ਪੁਰਬ ਤਖਤ ਸਾਹਿਬ ‘ਤੇ ਸ਼ਰਧਾ ਸਹਿਤ ਮਨਾਇਆ ਅਤੇ ਜਾਰੀ ਕੀਤੇ ਗੁਰਮਤੇ ਦਾ ਪੂਰਨ ਅਦਬ ਸਤਿਕਾਰ ਕਰਦਿਆਂ ਸਹਿਯੋਗ ਦਿੱਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …