ਧੂਰੀ, 2 ਮਈ (ਪ੍ਰਵੀਨ ਗਰਗ) – ਧੂਰੀ ਵਪਾਰ ਮੰਡਲ ਧੂਰੀ ਦੇ ਆਗੂਆਂ ਨੇ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਦੇ ਖਿਲਾਫ ਹਲਕਾ ਵਿਧਾਇਕ ਦੇ ਨਾਮ ਇੱਕ ਮੰਗ
ਪੱਤਰ ਦਿੰਦਿਆਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਸੰਗਰੁਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਉਲਟ ਜਰੂਰੀ ਵਸਤਾਂ ਦੀਆਂ ਦੁਕਾਨਾਂ ਕੇਵਲ ਸਬ ਡਵੀਜ਼ਨ ਧੂਰੀ ਵਿੱਚ ਹੀ ਬੰਦ ਹਨ।
ਵਪਾਰੀ ਆਗੂ ਵਿਕਾਸ ਜੈਨ ਅਤੇ ਹੰਸ ਰਾਜ ਬਜਾਜ ਨੇ ਕਿਹਾ ਕਿ ਜਦੋਂ ਉਨਾਂ ਨੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਪੱਤਰ ਦੀਆਂ ਕਾਪੀਆਂ ਲੈ ਕੇ ਐਸ.ਡੀ.ਐਮ ਧੂਰੀ ਨਾਲ ਗੱਲਬਾਤ ਕਰਨ ਗਏ ਤਾਂ ਵਪਾਰੀਆਂ ਪ੍ਰਤੀ ਉਹਨਾਂ ਦਾ ਰਵੱਈਆ ਠੀਕ ਨਹੀਂ ਸੀ।ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਿਹਾ ਵਪਾਰੀ ਪ੍ਰਸ਼ਾਸਨ ਨੂੰ ਹਰ ਪੱਖੋਂ ਸਹਿਯੋਗ ਦਿੰਦਾ ਆ ਰਿਹਾ ਹੈ, ਇਸ ਦੇ ਉਲਟ ਜਦੋਂ ਐਸ.ਡੀ.ਐਮ ਸਾਹਿਬ ਨੂੰ ਡੀ.ਸੀ ਸੰਗਰੂਰ ਦੇ ਪੱਤਰ ਬਾਰੇ ਜਾਣੂ ਕਰਵਾਇਆ ਗਿਆ ਤਾਂ ਉਹਨਾਂ ਪੱਤਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ, ਜਦੋਂਕਿ ਜ਼ਿਲ੍ਹਾ ਸੰਗਰੂਰ ਦੇ ਦੂਜੇ ਸ਼ਹਿਰਾਂ ਵਿੱਚ ਡੀ.ਸੀ ਸੰਗਰੂਰ ਦੇ ਹੁਕਮਾਂ ਮੁਤਾਬਿਕ ਜਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ।
ਇਸੇ ਦੌਰਾਨ ਵਪਾਰੀ ਆਗੂਆਂ ਨਾਲ ਹੋਈ ਤਲਖੀ ਸਬੰਧੀ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਨੇ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੋਇਆ ਅਤੇ ਉਨਾਂ ਦਾ ਮਕਸਦ ਕਿਸੇ ਵਪਾਰੀ ਨੂੰ ਪਰੇਸ਼ਾਨ ਕਰਨਾ ਨਹੀਂ ਹੈ, ਬਲਕਿ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਸੁਰੱਖਿਅਤ ਰੱਖਣਾ ਹੈ।ਜਿਸ ਦੇ ਚੱਲਦਿਆਂ ਕਈ ਵਾਰ ਮਜ਼ਬੂਰੀ ਵੱਸ ਕੁੱਝ ਸਖਤ ਫੈਸਲੇ ਵੀ ਲੈਣੇ ਪੈਂਦੇ ਹਨ।
ਇਸ ਉਪਰੰਤ ਵਪਾਰੀ ਆਗੂਆਂ ਨੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਗ੍ਰਹਿ ਵਿਖੇ ਜਾ ਕੇ ਵਿਧਾਇਕ ਦੇ ਨਾਂ ਇੱਕ ਮੰਗ ਪੱਤਰ ਦਿੰਦਿਆਂ ਐਸ.ਡੀ.ਐਮ ਖਿਲਾਫ ਬਣਦੀ ਕਾਰਵਾਈ ਕਰਵਾਉਣ ਦੀ ਮੰਗ ਕੀਤੀ।ਇਸ ਮੌਕੇ ਨਰੇਸ਼ ਕੁਮਾਰ ਮੰਗੀ, ਪਵਨ ਕੁਮਾਰ ਗਰਗ, ਸੀਨੀਅਰ ਕਾਂਗਰਸੀ ਆਗੂ ਸੰਦੀਪ ਤਾਇਲ, ਵੇਦ ਪ੍ਰਕਾਸ਼, ਪਰਦੀਪ ਖੰਨਾ, ਮੁਨੀਸ਼ ਕੁਮਾਰ ਰਿੰਕੂ ਅਤੇ ਅੰਮ੍ਰਿਤ ਗਰਗ ਆਦਿ ਵੀ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media