Monday, December 23, 2024

ਗੁਰੂਆਂ ਦੇ ਦਰਸਾਏ ਮਾਰਗ ਅਨੁਸਾਰ ਚੱਲ ਕੇ ਜ਼ਾਬਰ ਹਕੂਮਤ ਦਾ ਕਰਾਂਗੇ ਮੁਕਾਬਲਾ – ਉਗਰਾਹਾਂ

ਨਵੀਂ ਦਿੱਲੀ, 2 ਮਈ (ਜਗਸੀਰ ਲੌਂਗੋਵਾਲ) – ਟਿਕਰੀ ਬਾਰਡਰ ਵਿਖੇੇ ਗ਼ਦਰੀ ਗੁਲਾਬ ਕੌਰ ਨਗਰ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ਼ ਤੋਂ ਆਪਣੇ ਸੰਬੋਧਨ ‘ਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਗੁਰੂਆਂ ਦੇ ਦਰਸਾਏ ਮਾਰਗਾਂ ‘ਤੇ ਚੱਲਦੇ ਹੋਏ ਉਨ੍ਹਾਂ ਦੇ ਵਾਰਸਾਂ ਨੂੰ ਅੱਜ ਦੀਆਂ ਜ਼ਾਬਰ ਹਕੂਮਤਾਂ ਦੇ ਖਿਲਾਫ ਵੀ ਉਨ੍ਹਾਂ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਹੀ ਕਰਨਾ ਪੈਣਾ ਹੈ।ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੀਤੀ ਹੋਈ ਲਾਸਾਨੀ ਕੁਰਬਾਨੀ ਜ਼ਿੰਦਗੀ ਜਿਊਣ ਦਾ ਬਲ ਬਖਸ਼ਦੀ ਹੈ।ਗੁਰੂ ਸਾਹਿਬ ਨੇ ਆਪਣੇ ਧਰਮ ਤੋਂ ਉਲਟ ਦੂਜੇ ਧਰਮਾਂ ਦੇ ਲੋਕਾਂ ਦੀ ਰੱਖਿਆ ਲਈ ਔਰੰਗਜ਼ੇਬ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਆਪਣਾ ਸੀਸ ਦੇ ਕੇ ਕੀਤਾ।ਉਨ੍ਹਾਂ ਔਰੰਗਜ਼ੇਬ ਦੇ ਜ਼ਬਰ ਦੀ ਤੁਲਨਾ ਅੱਜ ਦੇ ਹੁਕਮਰਾਨਾਂ ਨਾਲ ਕੀਤੀ।ਗੁਰੂ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਲ ਉਮਰ ਵਿੱਚ ਆਪਣੀ ਲੜਾਈ ਦਾ ਪੈਂਤੜਾ ਕਿਸੇ ਹੋਰ ਰੂਪ ਵਿੱਚ ਤਿਆਰ ਕੀਤਾ।ਪਰ ਮੌਜ਼ੂਦਾ ਦੌਰ ‘ਚ ਵੀ ਤੁਹਾਡੇ (ਕਿਸਾਨੀ) ਘੋਲ ਨੂੰ ਫੇਲ੍ਹ ਕਰਨ ਵਾਸਤੇ ਹੁਕਮਰਾਨਾਂ ਵਲੋਂ ਫਿਰਕਾਪ੍ਰਸਤੀ ਦਾ ਪੱਤਾ ਖੇਡ ਕੇ ਤੁਹਾਡੇ ਆਗੂਆਂ `ਤੇ ਵੱਖ-ਵੱਖ ਤਰ੍ਹਾਂ ਦੇ ਲੇਬਲ ਲਗਾਉਣ ਦੀ ਕੋਸ਼ਿਸ਼ ਕੀਤੀ ਗਈ।ਪਰ ਤੁਸੀਂ ਸਬਰ ਤੋਂ ਕੰਮ ਲੈਂਦਿਆਂ ਸਭ ਚਾਲਾਂ ਫੇਰ ਕਰ ਦਿੱਤੀਆਂ ਹਨ।ਗੁਰੂਆਂ ਦੀ ਸਿੱਖਿਆ ਮੁਤਾਬਿਕ ਕਿਸੇ ਧਰਮ ਦੇ ਲੋਕਾਂ ਨੂੰ ਡਰਾਇਆ ਧਮਕਾਇਆ ਨਹੀਂ ਜਾ ਸਕਦਾ।ਰਾਜ ਕਰਨ ਵਾਲੇ ਲੋਕਾਂ ਦਾ ਇੱਕੋ ਇੱਕ ਮਨਸ਼ਾ ਲੋਕਾਂ ਦੀ ਲੁੱਟ ਕਰਨੀ ਅਤੇ ਦਾਬੇ ਥੱਲੇ ਰੱਖਣਾ ਹੁੰਦਾ ਹੈ।ਇਨ੍ਹਾਂ ਲੁਟੇਰੇ ਹਾਕਮਾਂ ਦੇ ਇਤਿਹਾਸ ਦੀ ਵੀ ਇਹੀ ਫਿਤਰਤ ਹੈ।ਦਸਾਂ ਨਹੁੰਆਂ ਦੀ ਨੇਕ ਕਿਰਤ ਕਰਨ ਵਾਲੇ ਲੋਕਾਂ ਨੂੰ ਗੁਰੂਆਂ ਦੀ ਦਿੱਤੀ ਹੋਈ ਸਿੱਖਿਆ ਅਤੇ ਕੀਤੀਆਂ ਹੋਈਆਂ ਵੱਡੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ।ਸਿੱਖ ਇਤਿਹਾਸ ਵਿੱਚ ਗੁਰੂਆਂ ਦੀ ਦੇਣ ਸਦਕਾ ਸਿੱਖ ਲੋਕ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਤਾਂ ਉਨ੍ਹਾਂ ਨੂੰ ਅਣਮੁੱਲਾ ਸਤਿਕਾਰ ਮਿਲਦਾ ਹੈ।ਪਿੱਛਲੇ ਸਮਿਆਂ ਦੌਰਾਨ ਫ਼ਿਰਕਾਪ੍ਰਸਤੀ ਦੇ ਨਾਂ ਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਬਹੁਤ ਸਾਰੀਆਂ ਮੁਸੀਬਤਾਂ ਝੱਲੀਆਂ ਹਨ।ਭਾਵੇਂ 84 ਦਾ ਦੌਰ ਹੋਵੇ ਭਾਵੇਂ 2002 ਦੇ ਗੁਜਰਾਤ ਦੇ ਗੋਧਰਾ ਕਾਂਡ ਦੀਆਂ ਘਟਨਾਵਾਂ ਹੋਣ।ਅਜੋਕੇ ਸਮੇਂ ਦੇ ਜ਼ਬਰ ਦਾ ਮੁਕਾਬਲਾ ਵੱਡੀਆਂ ਲਾਮਬੰਦੀਆਂ ਕਰਕੇ, ਲੋਕਾਂ ਦੇ ਚੇਤਨਾ ਪੱਧਰ ਨੁੰ ਉਚਾ ਚੁੱਕ ਕੇ ਅਤੇ ਲੋਕਾਂ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਕਰਨ ਨਾਲ ਹੀ ਕੀਤਾ ਜਾ ਸਕਦਾ ਹੈ।
                           ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਤੋਂ ਕੁੱਝ ਸਿੱਖਣ ਬਾਰੇ ਕਿਹਾ ਕਿ ਜਿਵੇਂ ਉਹ ਹਿੰਦੂ ਧਰਮ ਲਈ ਸ਼ਹਾਦਤ ਦੇ ਕੇ ਹਿੰਦੂ ਨਹੀਂ ਬਣੇ ਅਤੇ ਮਸੰਦਾਂ ਨੂੰ ਜਾਨੋਂ ਮਾਰ ਕੇ ਸਿੱਖ ਵਿਰੋਧੀ ਨਹੀਂ ਹੋਏ।ਵੱਖ-ਵੱਖ ਵਿਚਾਰਾਂ ਦੇ ਵਖਰੇਵੇਂ ਰੱਖਦੇ ਹੋਏ ਵੀ ਹਮਾਇਤ ਹੋ ਸਕਦੀ ਹੈ ਅਤੇ ਵਿਚਾਰ ਇੱਕ ਹੁੰਦੇ ਹੋਏ ਵੀ ਨਿਖੇੜਾ ਕਰਨਾ ਚਾਹੀਦਾ ਹੈ।ਅੱਜ ਮੋਰਚਾ ਵੀ ਇਸ ਮੋੜ ‘ਤੇ ਆ ਖੜ੍ਹਾ ਹੋ ਗਿਆ ਕਿ ਸਾਨੂੰ ਅੰਦਰੋਂ-ਬਾਹਰੋਂ ਹਮਾਇਤੀਆਂ ਅਤੇ ਢਾਹ ਲਾਊ ਹਿੱਸਿਆਂ ਦੀ ਪਛਾਣ ਕਰਕੇ ਜਨਤਾ `ਚ ਚੇਤਨਾ ਲਿਆ ਕੇ ਉਨਾਂ ਨੂੰ ਲੋਕਾਂ ਚੋਂ ਨਿਖੇੜਨਾ ਪਵੇਗਾ, ਇਹ ਅੱਜ ਦਾ ਮੁੱਖ ਕਾਜ਼ ਹੈ।ਜੇਕਰ ਇਹ ਕੰਮ ਜਿੰਮੇਵਾਰੀ ਨਾਲ ਨਹੀਂ ਕਰਦੇ ਤਾਂ ਮੋਰਚੇ ਦੇ ਨੁਕਸਾਨ ਲਈ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਆਗੂਆਂ ਨੂੰ ਕਰਨਾ ਪਵੇਗਾ।
                          ਅੱਜ ਸਟੇਜ਼ ਦੀ ਸ਼਼ੁਰੂਆਤ ਗੁਰੂਆਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ਼ ਸਬੰਧਤ ਗੀਤਾਂ ਨਾਲ ਕੀਤੀ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …