ਥਾਣਾ ਮੁਖੀ ਨੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ
ਧੂਰੀ, 9 ਮਈ (ਪ੍ਰਵੀਨ ਗਰਗ) – ਬੀਤੀ ਰਾਤ ਧੂਰੀ ਸ਼ਹਿਰ ‘ਚ ਇੱਕੋ ਰਾਤ ਵਿੱਚ 3 ਚੋਰੀਆਂ ਹੋਣ ਦੇ ਸਮਾਚਾਰ ਨਾਲ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ। ਕੋਰੋਨਾ
ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਲਾਕਡਾਊਨ ਕਾਰਨ ਕਈ ਸ਼ਰਾਰਤੀ ਅਨਸਰ ਸ਼ਹਿਰ ਵਿੱਚ ਚੋਰੀ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਚੋਰੀ ਮਾਲਵਾ ਖਾਲਸਾ ਸਕੂਲ ਦੇ ਸਾਹਮਣੇ ਡੀ.ਕੇ ਸ਼ੂਜ਼ ਦੇ ਗੋਦਾਮ ਵਿੱਚ ਹੋਈ ਹੈ, ਇਹ ਜਗਾ੍ਹ ਥਾਣਾ ਸਿਟੀ ਧੂਰੀ ਤੋਂ ਕੁੱਝ ਗਜ਼ ਦੀ ਦੂਰੀ ‘ਤੇ ਹੈ।ਦੂਜੀ ਚੋਰੀ ਨਾਗਪਾਲ ਟਰੇਡਿੰਗ ਸਟੋਰ ਨਾਮੀ ਰੇਡੀਮੇਡ ਕੱਪੜਿਆਂ ਦੇ ਇੱਕ ਸਟੋਰ ਵਿੱਚ ਅਤੇ ਚੋਰੀ ਦੀ ਤੀਸਰੀ ਕੋਸ਼ਿਸ਼ ਇੱਕ ਬੰਦ ਪਏ ਮਕਾਨ ਵਿੱਚ ਕੀਤੀ ਗਈ ਹੈ।ਜਿੱਥੇ ਉਹਨਾਂ ਵੱਲੋਂ ਬੰਦ ਪਏ ਮਕਾਨ ਦੀਆਂ ਗਰਿੱਲਾਂ ਆਦਿ ਤੋੜੀਆਂ ਗਈਆਂ ਹਨ, ਪ੍ਰੰਤੂ ਉਹ ਚੋਰੀ ਕਰਨ ਵਿੱਚ ਅਸਫਲ ਰਹੇ।
ਡੀ.ਕੇ.ਸ਼ੂਜ਼ ਕੰਪਨੀ ਦੇ ਮਾਲਕ ਸ਼੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਗੋਦਾਮ ਵਿੱਚੋਂ ਲਗਭਗ 45-50 ਪੇਟੀਆਂ ਬੂਟ-ਚੱਪਲਾਂ ਚੋਰੀ ਹੋਏ ਹਨ, ਜਿੰਨਾਂ ਦੀ ਕੀਮਤ ਕਰੀਬ ਪੌਨੇ ਦੋ ਲੱਖ ਰੁਪਏ ਬਣਦੀ ਹੈ।ਨਾਗਪਾਲ ਟਰੇਡਿੰਗ ਸਟੋਰ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਚੋਰ ਉਹਨਾਂ ਦੇ ਦੁਕਾਨ ਵਿੱਚ ਖੜੀ ਇੱਕ ਸਕੂਟਰੀ ਸਮੇਤ ਕਰੀਬ ਦੋ ਲੱਖ ਰੁਪਏ ਦੇ ਰੇਡੀਮੈਡ ਕੱਪੜੇ ਲੈ ਕੇ ਫਰਾਰ ਹੋ ਗਏ ਹਨ।ਮੁਨੀਸ਼ ਕੁਮਾਰ ਮਾਧੀ ਨੇ ਦੱਸਿਆ ਕਿ ਉਸ ਦੇ ਬੰਦ ਪਏ ਇੱਕ ਮਕਾਨ ਵਿੱਚ ਚੋਰਾਂ ਵੱਲੋਂ ਚੋਰੀ ਦੀ ਨੀਅਤ ਨਾਲ ਕੇਵਲ ਕੁੱਝ ਗਰਿੱਲਾਂ ਤੋੜੀਆਂ ਗਈਆਂ ਹਨ, ਪ੍ਰੰਤੂ ਕੋਈ ਮਾਲੀ ਨੁਕਸਾਨ ਨਹੀਂ ਹੋਇਆ।
ਧੂਰੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਕਿਹਾ ਕਿ ਲਾਕਡਾਊਨ ਦੇ ਚੱਲਦਿਆਂ ਜਿੱਥੇ ਪੁਲਿਸ ਵੱਲੋਂ ਪੂਰੀ ਸਖਤੀ ਕੀਤੀ ਗਈ ਹੈ, ਉਸ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਥਾਣਾ ਸਿਟੀ ਧੂਰੀ ਤੋਂ ਮਹਿਜ 100 ਗਜ਼ ਦੀ ਦੂਰੀ ‘ਤੇ ਇਹ ਚੋਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।
ਥਾਣਾ ਸਿਟੀ ਧੂਰੀ ਦੇ ਮੁਖੀ ਦੀਪਇੰਦਰ ਸਿੰਘ ਜੇਜੀ ਨੇ ਵੱਖ-ਵੱਖ ਸਥਾਨਾਂ ‘ਤੇ ਹੋਈਆਂ ਚੋਰੀਆਂ ਦੇ ਘਟਨਾ ਸਥਾਨ ‘ਤੇ ਪੁੱਜ ਕੇ ਜਾਇਜ਼ਾ ਲ਼ਿਆ।ਉਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਸਖਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਨਾਲ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media