ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਪੇਂਡੂ ਖੇਤਰਾਂ ਵਿਚ ਕੋਵਿਡ 19 ਮਹਾਂਮਾਰੀ ਦੇ ਤੇਜ਼ੀ ਨਾਲ ਫੈਲਣ ’ਤੇ ਚਿੰਤਾ ਜ਼ਾਹਰ ਕਰਦਿਆਂ ਸਿਵਲ ਸਰਜਨ ਸੰਗਰੂਰ
ਡਾ. ਅੰਜ਼ਨਾ ਗੁਪਤਾ ਨੇ ਜ਼ਿਲ੍ਹੇ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਬਿਮਾਰੀ ਨਾਲ ਨਜਿੱਠਣ ਅਤੇ ਇਸ ’ਤੇ ਫ਼ਤਿਹ ਹਾਸਿਲ ਕਰਨ ਲਈ ਉਹ ਅੱਗੇ ਆ ਕੇ ਸਿਹਤ ਵਿਭਾਗ ਦਾ ਸਾਥ ਦੇਣ।
ਡਾ. ਅੰਜ਼ਨਾ ਗੁਪਤਾ ਨੇ ਕਿਹਾ ਕਿ ਜੇਕਰ ਪੰਚਾਇਤਾਂ ਸਿਹਤ ਵਿਭਾਗ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਤਾਂ ਕੋਰੋਨਾ ਵਾਇਰਸ ਦੀ ਚੇਨ ਨੰੂ ਜਲਦੀ ਤੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਦਰਭ ਵਿਚ ਪੇਂਡੂ ਖੇਤਰ ਵਿੱਚ ਪਹਿਲਾਂ ਹੀ ਲੋਕ ਸਾਂਝੇਦਾਰ ਕਮੇਟੀਆਂ ਬਣਾਈਆਂ ਗਈਆਂ ਹਨ।ਸਿਵਲ ਸਰਜਨ ਨੇ ਕਿਹਾ ਕਿ ਲੋਕ ਸਾਂਝੇਦਾਰ ਕਮੇਟੀਆਂ ਨੂੰ ਹੋਰ ਸਰਗਰਮ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੰੂ ਕੋਵਿਡ 19 ਬਾਰੇ ਜਾਗਰੂਕ ਕੀਤਾ ਜਾ ਸਕੇ।ਡਾ. ਅਜ਼ਨਾ ਗੁਪਤਾ ਨੇ ਦੱਸਿਆ ਕਿ ਲੋਕਾਂ ਦੇ ਮਨਾਂ ਅੰਦਰ ਕਰੋਨਾਵਾਇਰਸ ਨੂੰ ਲੈ ਕੇ ਕੁੱਝ ਗਲਤ ਧਾਰਨਾਵਾਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਸਥਾਨਕ ਆਗੂਆਂ ਦਾ ਅੱਗੇ ਆਉਣਾ ਜਰੂਰੀ ਹੈ, ਕਿਉਂਕਿ ਸਥਾਨਕ ਆਗੂਆਂ ’ਤੇ ਉਥੋਂ ਦੇ ਲੋਕਾਂ ਦਾ ਭਰੋਸਾ ਹੁੰਦਾ ਹੈ ਤੇ ਉਹ ਸਹਿਜੇ ਹੀ ਉਨ੍ਹਾਂ ਦੀ ਗੱਲ ਸਮਝ ਲੈਂਦੇ ਹਨ।
ਜ਼ਿਲ੍ਹਾ ਸਿਹਤ ਅਫਸਰ ਡਾ. ਐਸ.ਜੇ ਸਿੰਘ ਨੇ ਕਿਹਾ ਪਿੰਡਾਂ ਵਿੱਚ ਧਾਰਮਿਕ ਸਥਾਨਾਂ ’ਤੇ ਲੱਗੇ ਸਪੀਕਰਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਲੋਕਾਂ ਨੰੂ ਅਪੀਲ ਕੀਤੀ ਕਿ ਘਰਾਂ ਤੋਂ ਬਾਹਰ ਆਉਣ ਸਮੇਂ ਮਾਸਕ ਪਾਉਣਾ, ਹੱਥਾਂ ਨੂੰ ਸਾਬਣ ਤੇ ਸਾਫ਼ ਪਾਣੀ ਜਾਂ ਸੈਨੀਟਾਈਜ਼ਰ ਨਾਲ ਵਾਰ-ਵਾਰ ਸਾਫ਼ ਕਰਨਾ ਤੇ 6 ਫ਼ੁੱਟ ਦੀ ਸਮਾਜਿਕ ਦੂਰੀ ਆਦਿ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ।ਕੋਵਿਡ ਦਾ ਕੋਈ ਵੀ ਲੱਛਣ ਸਾਹਮਣੇ ਆਉਣ ’ਤੇ ਨੇੜੇ ਦੀ ਸਿਹਤ ਸੰਸਥਾ ਵਿਖੇ ਅਪਣਾ ਸੈਂਪਲ ਚੈਕ ਕਰਵਾਇਆ ਜਾਵੇ।
ਡਾ. ਐਸ.ਜੇ. ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18 ਤੋਂ 44 ਸਾਲ ਵਾਲੇ ਉਸਾਰੀ ਕਾਮਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਇਸੇ ਉਮਰ ਵਰਗ ਦੇ ਸ਼ੂਗਰ ਰੋਗ, ਬੀ.ਪੀ ਅਤੇ ਟੀ.ਬੀ ਆਦਿ ਮਰੀਜ਼ਾਂ ਦਾ ਟੀਕਾਕਰਨ ਜਲਦ ਹੀ ਸ਼ੁਰੂ ਕੀਤਾ ਜਾਵੇਗਾ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media