1.25 ਕਰੋੜ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਸਮਾਰਟ ਸਿਟੀ ਪ੍ਰਜੈਕਟ ਤਹਿਤ ਵਾਲਡ ਸਿਟੀ ਦੇ ਬਾਹਰਵਾਰ ਸਾਰੀਆਂ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਨੂੰ
ਅੰਡਰਗਾਰਾਉਡ ਕੀਤਾ ਜਾ ਰਿਹਾ ਹੈ, ਜਿਸ ਨਾਲ ਚਾਰਦੀਵਾਰੀ ਦੇ ਬਾਹਰ ਫੈਲੀਆਂ ਹੋਈਆਂ ਤਾਰਾਂ ਦੇ ਜੰਜ਼ਾਲ ਤੋ ਸ਼ਹਿਰਵਾਸੀਆਂ ਨੂੰ ਮੁਕਤੀ ਮਿਲੇਗੀ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਲੋਹਗੜ ਗੇਟ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ।ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲੀਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਅਤੇ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲ ਵੀ ਸਨ।
ਮੰਤਰੀ ਸੋਨੀ ਨੇ ਦੱਸਿਆ ਕਿ ਸ਼ਹਿਰ ਦੀ ਵਾਲਡਸਿਟੀ ਦੇ ਬਾਹਰ 7.5 ਕਿਲੋਮੀਟਰ ਏਰੀਏ ਵਿੱਚ 1.25 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।ਦੋਵੇਂ ਪਾਸੇ ਸੜਕ ਨੂੰ 22-22 ਫੁੱਟ ਚੋੜਾ ਵੀ ਕੀਤਾ ਜਾ ਰਿਹਾ ਹੈ।ਇਸ ਦੇ ਨਾਲ-ਨਾਲ ਇਕ ਵੱਖਰੀ ਪਾਣੀ ਸਪਲਾਈ ਲਾਈਨ ਵੀ ਪਾਈ ਜਾ ਰਹੀ ਹੈ ਤੇ ਪੈਦਲ ਚੱਲਣ ਵਾਲਿਆਂ ਵਾਸਤੇ ਇਕ ਸਾਇਕਲਿੰਗ ਟਰੈਕ ਵੀ ਬਣਾਇਆ ਜਾ ਰਿਹਾ ਹੈ।ਸੋਨੀ ਨੇ ਦੱਸਿਆ ਕਿ ਪਹਿਲਾਂ ਲੋਹਗੜ ਗੇਟ ਤੋਂ ਖ਼ਜਾਨਾ ਗੇਟ ਤੱਕ ਇਸ ਕੰਮ ਨੂੰ ਮੁੁਕੰਮਲ ਕੀਤਾ ਜਾਵੇਗਾ।ਸੋਨੀ ਨੇ ਸਬੰਧਤ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜਿਆ ਜਾਵੇ।
ਉਨਾਂ ਨੇ ਸਬੰਧਤ ਠੇਕੇਦਾਰ ਨੂੰ ਵੀ ਹਦਾਇਤ ਕੀਤੀ ਕਿ ਸਾਰੇ ਕੰਮ ਗੁਣਵਤਾ ਭਰਪੂਰ ਹੋਣੇ ਚਾਹੀਦੇ ਹਨ ਅਤੇ ਵਿਕਾਸ ਕਾਰਜ਼ਾਂ ਵਿਚ ਲਾਪਰਵਾਹੀ ਬਿਲਕੁੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ।
Punjab Post Daily Online Newspaper & Print Media