
ਬਠਿੰਡਾ, 4 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਝੋਨੇ ਦੀ ਪਰਾਲੀ ਵਿੱਚ ਸਿਲੀਕਾ ਦੀ ਮਾਤਰਾ ਜ਼ਿਆਦਾ ਹੋਣ ਕਰਕੇ, ਮਸ਼ੀਨਰੀ ਨਾਲ ਇਸ ਦਾ ਕੁਤਰਾ ਕਰਨਾ ਤੇ ਖੇਤ ਵਿੱਚ ਰਲਾਉਣਾ ਅਸਾਨ ਕੰਮ ਨਹੀਂ ਪ੍ਰੰਤੂ ਇਸ ਤਰਕ ਦੇ ਅਧਾਰ ਤੇ ਇਸ ਨੂੰ ਅੱਗ ਲਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕੰਬਾਇਨ ਚੱਲਣ ਤੋਂ ਬਾਅਦ, ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਵੀ ‘ਹੈਪੀ ਸੀਡਰ’ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਹ ਕਰਚੇ ਸਮੇਂ ਨਾਲ ਹੌਲੀ ਹੌਲੀ ਗਲਦੇ ਰਹਿੰਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਲਾਭਦਾਇਕ ਹਨ ਤੇ ਸਮਾਂ ਪੈਣ ਨਾਲ ਕਣਕ ਦਾ ਝਾੜ੍ਹ ਵੀ ਵਧਦਾ ਹੈ।ਇਸ ਤੋਂ ਇਲਾਵਾ ਪਰਾਲੀ ਦੀਆਂ ਗੱਠਾਂ ਬਣਾਕੇ, ਬਿਜਲੀ ਪੈਦਾ ਕਰਨ ਲਈ ਵੀ ਵਰਤੀ ਜਾ ਸਕਦੀ ਹੈ ਅਤੇ ਪੰਜਾਬ ਵਿੱਚ ਅਜਿਹੇ ਸੱਤ ਪਲਾਂਟ ਚੱਲ ਰਹੇ ਹਨ। ਪਰਾਲੀ ਤੋਂ ਕੰਪੋਸ਼ਟ ਵੀ ਬਣਾਈ ਜਾਂਦੀ ਹੈ।ਗੱਤਾ ਬਣਾਉਣ ਲਈ ਵੀ ਪਰਾਲੀ ਦਾ ਇਸਤੇਮਾਲ ਹੁੰਦਾ ਹੈ। ਖੁੰਬਾਂ ਪੈਦਾ ਕਰਨ ਲਈ ਵੀ ਪਰਾਲੀ ਇਕ ਮਾਧਿਅਮ ਹੈੇ।ਗੋਹੇ ਨਾਲ ਪਰਾਲੀ ਮਿਲਾਕੇ ਬਾਇਓਗੈਸ ਵੀ ਪੈਦਾ ਹੁੰਦੀ ਹੈ ਅਤੇ ਘਰੇਲੂ ਵਰਤੋ ਲਈ ਗੈਸ ਦਾ ਇਕ ਵਧੀਆ ਵਿਕਲਪ ਹੈ ਸਰਦੀਆਂ ਵਿੱਚ ਪਸ਼ੂਆਂ ਥੱਲੇ ਸੁੱਕ ਦੇ ਤੌਰ ‘ਤੇ ਵਰਤੀ ਜਾਂਦੀ ਹੈ ਅਤੇ ਬਹੁਤ ਵਧੀਆਂ ਕੰਪੋਸ਼ਟ ਬਣ ਸਕਦੀ ਹੈ।
ਪੰਜਾਬ ਵਿੱਚ ਹਰ ਵਰ੍ਹੇ 200 ਲੱਖ ਟਨ ਪਰਾਲੀ ਨੂੰ ਅੱਗ ਲਗਾਕੇ ਕਿਸਾਨ 200 ਕਰੋੜ ਦੇ ਨਾਈਟਰੋਜਨ ਅਤੇ ਸਲਫਰ ਤੱਤ ਤਬਾਹ ਕਰ ਦਿੰਦੇ ਹਨ ਅਤੇ ਛੋਟੇ ਤੱਤਾਂ ਦਾ ਨੁਕਸਾਨ ਇਸ ਤੋਂ ਵੱਖਰਾ ਹੈ। ਵਾਤਾਵਰਣ ਦਾ ਅਤਿਅੰਤ ਪ੍ਰਦੂ੍ਹਸ਼ਣ ਹੁੰਦਾ ਹੈ।ਪਰਾਲੀ ਨੂੰ ਅੱਗ ਲਾਉਣ ਨਾਲ ਕਾਰਬਨ ਡਾਇਓਕਸਾਈਡ, ਕਾਰਬਨਮੋਨੋਆਕਸਾਈਡ,ਨਾਈਟਰਕਆਕਸਾਈਡ, ਸਲਫਰ ਆਕਸਾਈਡ ਅਤੇ ਮੀਥੇਨ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਵਾਤਾਵਰਣ ਨੂੰ ਪ੍ਰਦੂ੍ਹਸ਼ਤ ਕਰਦੀਆਂ ਹਨ ਅਤੇ ਇਸ ਨਾਲ ਗਲੋਬਲ ਵਾਰਮਿੰਗ ਵਿੱਚ ਵਾਧਾ ਹੁੰਦਾ ਹੈ।ਜ਼ਮੀਨ ਵਿਚਲੇ ਸੂਖਮਜੀਵ ਮਰ ਜਾਂਦੇ ਹਨ, ਵੱਟਾਂ ਬੰਨਿਆਂ ਤੇ ਖੜ੍ਹੇ ਬੂਟੇ ਅਤੇ ਨਾਲ ਹੀ ਪੰਛੀਆਂ ਦੇ ਆਲ੍ਹਣੇ ਅੱਗ ਦੀ ਭੇਂਟ ਚੜ੍ਹ ਜਾਂਦੇ ਹਨ। ਪਰਾਲੀ ਦੇ ਬਲਣ ਨਾਲ ਪੈਦਾ ਹੋਇਆ ਧੂੰਆਂ, ਮਿੱਟੀ ਦੇ ਕਣ ਅਤੇ ਧੁੰਦ ਵਾਤਾਵਰਣ ਵਿਚ ਇਕ ਹਨੇਰੀ ਪਰਤ ਚਾੜ੍ਹ ਦਿੰਦੇ ਹਨ, ਜਿਸ ਨਾਲ ਵਾਹਣ ਚਾਲਕਾਂ ਨੂੰ ਦੇਖਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਐਕਸੀਡੈਂਟਾਂ ਵਿਚ ਵਾਧਾ ਹੁੰਦਾ ਹੈ। ਪਰਾਲੀ ਦੀ ਕਿਸੇ ਤਰੀਕੇ ਨਾਲ ਵੀ ਵਰਤੋਂ ਕਰਕੇ ਅਤੇ ਪਰਾਲੀ ਦੇ ਖੇਤ ‘ਚ ਰਹਿੰਦਿਆਂ ਵੀ, ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕਿਸਾਨ ਭਰਾਵੋ, ਮੇਰੀ ਇਸ ਅਪੀਲ ਵੱਲ ਧਿਆਨ ਦਿਓ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ ਅਤੇ ਆਪਣੇ ਗੁਰੂਆਂ ਦੇ ਦਿੱਤੇ ਫੁਰਮਾਨ ”ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਉੱਤੇ ਪਹਿਰਾ ਦਿੰਦੇ ਹੋਏ ਕਾਦਰ ਦੀ ਕੁਦਰਤ ਨਾਲ ਸੱਚਾ ਪਿਆਰ ਕਰੀਏ ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media