Wednesday, February 25, 2026

ਪੰਜਾਬ ਦੇ ਸਰਬੋਤਮ ਸਕੂਲਾਂ ਦੀ ਜਾਰੀ ਸੂਚੀ ‘ਚ ਸ਼ਾਮਲ ਹਨ ਜਿਲ੍ਹਾ ਪਠਾਨਕੋਟ ਦੇ 4 ਸਕੂਲ

ਪਠਾਨਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਵਲੋਂ ਬੀਤੇ ਦਿਨ ਓਵਰਆਲ ਗ੍ਰੇਡਿੰਗ ਦੇ ਅਧਾਰ ’ਤੇ ਸੈਸ਼ਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜਾਰੀ ਕੀਤੀ ਗਈ ਜਿਲ੍ਹਾ ਵਾਰ ਸੂਚੀ ਵਿੱਚ ਜਿਲ੍ਹਾ ਪਠਾਨਕੋਟ ਦੇ ਚਾਰ ਸਕੂਲ ਸ਼ਾਮਲ ਹਨ।
ਸਰਬੋਤਮ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਸਰਕਾਰੀ ਮਿਡਲ ਸਕੂਲ ਜਸਵਾਲੀ, ਸਰਕਾਰੀ ਮਿਡਲ ਸਕੂਲ ਸਿੰਬਲੀ ਗੁਜਰਾਂ, ਸਰਕਾਰੀ ਹਾਈ ਸਕੂਲ ਥਰਿਆਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫਿਰੋਜ਼ਾ ਦੇ ਸਕੂਲ ਮੁਖੀਆਂ ਅਤੇ ਸਟਾਫ ਨੂੰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਮੁਬਾਰਕਬਾਦ ਦਿੱਤੀ।
                ਉਨ੍ਹਾਂ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਸਿੰਬਲੀ ਗੁੱਜਰਾਂ ਐਸ.ਐਸ.ਏ ਅਤੇ ਸਰਕਾਰੀ ਮਿਡਲ ਸਕੂਲ ਜਸਵਾਲੀ ਦੋਵੇਂ ਸਕੂਲਾਂ ਨੇ 2.50-2.50 ਲੱਖ ਦਾ ਪੁਰਸਕਾਰ ਪ੍ਰਾਪਤ ਕੀਤਾ ਹੈ। ਇਸੇ ਤਰਾਂ ਸਰਕਾਰੀ ਹਾਈ ਸਕੂਲ ਜੀ.ਐਚ.ਐਸ ਥਰਿਆਲ ਨੇ 7.50 ਲੱਖ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਐਸ.ਐਸ ਦਤਿਆਲ ਫਿਰੋਜ਼ਾ ਨੇ 10 ਲੱਖ ਦਾ ਐਵਾਰਡ ਹਾਸਲ ਕੀਤਾ ਹੈ।
                ਐਵਾਰਡ ਪ੍ਰਾਪਤ ਕਰਨ ਵਾਲੇ ਸਰਕਾਰੀ ਮਿਡਲ ਸਕੂਲ ਜਸਵਾਲੀ ਦੀ ਇੰਚਾਰਜ਼ ਕਿਰਨ ਬਾਲਾ, ਸਰਕਾਰੀ ਮਿਡਲ ਸਕੂਲ ਸਿੰਬਲੀ ਗੁਜਰਾਂ ਦੇ ਇੰਚਾਰਜ਼ ਸੁਸੀਲ ਕੁਮਾਰ, ਸਰਕਾਰੀ ਹਾਈ ਸਕੂਲ ਥਰਿਆਲ ਦੀ ਹੈਡ ਮਿਸਟਰੇਸ ਸੁਮਨ ਬਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫਿਰੋਜਾ ਦੇ ਪ੍ਰਿੰਸੀਪਲ ਕਮ ਬੀ.ਐਨ.ਓ ਬਮਿਆਲ ਰਮੇਸ਼ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਨਿਰੰਤਰ ਕੰਮ ਕਰ ਰਹੀ ਹੈ।
                   ਇਸ ਮੌਕੇ ਬੀ.ਐਨ.ਓ ਪੰਕਜ਼ ਮਹਾਜਨ, ਬੀ.ਐਨ.ਓ ਤੇਜਵੀਰ ਸਿੰਘ, ਬੀ.ਐਨ.ਓ ਬਲਬੀਰ ਸਿੰਘ, ਡੀ.ਐਸ.ਐਮ ਬਲਵਿੰਦਰ ਸੈਣੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸਿੱਖਿਆ ਸੁਧਾਰ ਟੀਮ ਅਤੇ ਸਮੂਹ ਅਧਿਆਪਕਾਂ ਵਲੋਂ ਪਠਾਨਕੋਟ ਜਿਲੇ ਦਾ ਨਾਂ ਰੋਸ਼ਨ ਕਰਨ ਵਾਲੇ ਸਕੂਲਾਂ ਦੇ ਮੁਖੀਆਂ ਨੂੰ ਮੁਬਾਰਕਬਾਦ ਦਿੱਤੀ ਗਈ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …